ਹੈੱਡ ਕਾਂਸਟੇਬਲ ਰਤਨ ਲਾਲ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ, ਧਰਨੇ 'ਤੇ ਬੈਠਾ ਪਰਿਵਾਰ
Wednesday, Feb 26, 2020 - 10:10 AM (IST)
ਸੀਕਰ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਈ ਹਿੰਸਾ ਦੌਰਾਨ ਸ਼ਹੀਦ ਹੋਏ ਪੁਲਸ ਹੈੱਡ ਕਾਂਸਟੇਬਲ ਰਤਨ ਲਾਲ ਦਾ ਪਰਿਵਾਰ ਧਰਨੇ 'ਤੇ ਬੈਠ ਗਿਆ ਹੈ। ਪਰਿਵਾਰ ਦੀ ਮੰਗ ਹੈ ਕਿ ਰਤਨ ਲਾਲ ਨੂੰ 'ਸ਼ਹੀਦ' ਦਾ ਦਰਜਾ ਦਿੱਤਾ ਜਾਵੇ। ਦਿੱਲੀ ਦੇ ਭਜਨਪੁਰਾ 'ਚ ਹੋਈ ਹਿੰਸਾ ਦੌਰਾਨ ਰਤਨ ਲਾਲ ਦੀ ਮੌਤ ਹੋ ਗਈ ਸੀ, ਉਹ ਰਾਜਸਥਾਨ ਦੇ ਸੀਕਰ ਦੇ ਰਹਿਣ ਵਾਲੇ ਸਨ। ਬੁੱਧਵਾਰ ਨੂੰ ਉਨ੍ਹਾਂ ਦੇ ਪਰਿਵਾਰ ਨੇ ਜੱਦੀ ਪਿੰਡ ਜਾਣ ਵਾਲੇ ਰਸਤੇ 'ਤੇ ਜਾਮ ਲੱਗਾ ਦਿੱਤਾ। ਸੀਕਰ ਜਾਣ ਵਾਲੀ ਸੜਕ 'ਤੇ ਰਤਨ ਲਾਲ ਦੇ ਪਰਿਵਾਰ ਨੇ ਤਿੰਨ ਕਿਲੋਮੀਟਰ ਦਾ ਧਰਨਾ ਕੀਤਾ।
ਸ਼ਹੀਦ ਦਾ ਦਰਜਾ ਨਹੀਂ ਮਿਲੇਗਾ, ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕਰਨਗੇ
ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਰਤਨ ਲਾਲ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲੇਗਾ, ਉਹ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਪੁਲਸ ਕਾਂਸਟੇਬਲ ਰਤਨ ਲਾਲ ਦਾ ਜੱਦੀ ਪਿੰਡ ਫਤਿਹਪੁਰ ਸ਼ੇਖਾਵਾਟੀ ਦੇ ਤਿਹਾਵਲੀ 'ਚ ਹੈ, ਜਿੱਥੇ ਪਰਿਵਾਰ ਨਾਲ ਪਿੰਡ ਵਾਲੇ ਵੀ ਧਰਨਾ ਦੇ ਰਹੇ ਹਨ। ਰਾਜਸਥਾਨ ਪੁਲਸ ਦੇ ਸੀਨੀਅਰ ਅਧਿਕਾਰੀ ਇਸ ਸਮੇਂ ਧਰਨੇ ਵਾਲੀ ਜਗ੍ਹਾ 'ਤੇ ਪਹੁੰਚ ਗਏ ਹਨ ਅਤੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਸ ਅਧਿਕਾਰੀਆਂ ਦੀ ਪਰਿਵਾਰ ਤੋਂ ਅਪੀਲ ਹੈ ਕਿ ਉਹ ਧਰਨਾ ਸਥਾਨ ਤੋਂ ਹਟ ਜਾਣ ਅਤੇ ਰਤਨ ਲਾਲ ਦਾ ਅੰਤਿਮ ਸੰਸਕਾਰ ਕਰਨ।
ਬੁਖਾਰ ਦੇ ਬਾਵਜੂਦ ਨਿਭਾ ਰਹੇ ਸਨ ਡਿਊਟੀ
ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ਹਿੰਸਾ ਦਾ ਮਾਹੌਲ ਹੈ। ਦਿੱਲੀ ਦੇ ਉੱਤਰ-ਪੂਰਬੀ ਇਲਾਕੇ 'ਚ ਸੋਮਵਾਰ ਨੂੰ ਹਿੰਸਾ ਦੌਰਾਨ ਹੈੱਡ ਕਾਂਸਟੇਬਲ ਰਤਨ ਲਾਲ ਦੀ ਡਿਊਟੀ ਲੱਗੀ ਸੀ। ਇਸ ਦੌਰਾਨ ਮੌਜਪੁਰ ਇਲਾਕੇ 'ਚ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ ਅਤੇ ਪੱਥਰਬਾਜ਼ੀ-ਆਗਜਨੀ ਸ਼ੁਰੂ ਕਰ ਦਿੱਤੀ। ਹਿੰਸਾ ਨੂੰ ਰੋਕਣ ਲਈ ਰਤਨ ਲਾਲ ਡਿਊਟੀ 'ਤੇ ਸਨ ਅਤੇ ਇਸੇ ਦੌਰਾਨ ਪੱਥਰਬਾਜ਼ੀ 'ਚ ਉਹ ਜ਼ਖਮੀ ਹੋਏ ਅਤੇ ਸ਼ਹੀਦ ਹੋ ਗਏ। ਜਿਸ ਸਮੇਂ ਰਤਨ ਲਾਲ ਦਿੱਲੀ 'ਚ ਹਿੰਸਾ ਨੂੰ ਰੋਕਣ ਲਈ ਡਿਊਟੀ 'ਤੇ ਸਨ, ਉਦੋਂ ਉਹ ਬੁਖਾਰ ਨਾਲ ਤਪ ਰਹੇ ਸਨ ਪਰ ਇਸ ਦੇ ਬਾਵਜੂਦ ਉਹ ਸੜਕ 'ਤੇ ਉਤਰੇ ਅਤੇ ਆਪਣਾ ਕੰਮ ਕੀਤਾ। ਰਤਨ ਲਾਲ ਆਪਣੇ ਪਿੱਛੇ ਪਰਿਵਾਰ 'ਚ ਪਤਨੀ ਪੂਨਮ, 2 ਬੇਟੀਆਂ ਅਤੇ ਇਕ 9 ਸਾਲ ਦਾ ਬੇਟਾ ਛੱਡ ਗਏ ਹਨ।