ਸਰਕਾਰ ਦੱਸੇ ਪੰਚਕੂਲਾ ਹਿੰਸਾਂ 'ਚ ਹੋਈਆਂ 40 ਮੌਤਾਂ ਦਾ ਕੌਣ ਜ਼ਿੰਮੇਵਾਰ: HC

12/11/2019 2:25:33 PM

ਚੰਡੀਗੜ੍ਹ (ਹਾਂਡਾ)—ਪੰਚਕੂਲਾ ’ਚ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਰੇਪ ਕੇਸ ’ਚ ਸੀ.ਬੀ.ਆਈ. ਕੋਰਟ ਵਲੋਂ ਸੁਣਾਈ ਸਜ਼ਾ ਤੋਂ ਬਾਅਦ ਭੜਕੀ ਹਿੰਸਾ ’ਚ 40 ਲੋਕਾਂ ਦੀ ਮੌਤ ਅਤੇ 100 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ। ਹਿੰਸਾ ’ਚ ਨਿੱਜੀ ਅਤੇ ਸਰਕਾਰੀ ਜਾਇਦਾਦ ਨੂੰ ਸਾੜਿਆ ਅਤੇ ਤੋੜਿਆ ਗਿਆ ਸੀ, ਜਿਸ ਦੀ ਕੀਮਤ ਕਰੋੜਾਂ ’ਚ ਆਂਕੀ ਗਈ ਹੈ। ਇਨ੍ਹਾਂ 40 ਮੌਤਾਂ ਦਾ ਜ਼ਿੰਮੇਦਾਰ ਕੌਣ ਹੈ? ਨਿੱਜੀ ਅਤੇ ਸਰਕਾਰੀ ਜਾਇਦਾਦ ਦੀ ਭਰਪਾਈ ਕੌਣ ਕਰੇਗਾ? ਹਿੰਸਾ ਭੜਕਾਉਣ ਦਾ ਜ਼ਿੰਮੇਵਾਰ ਕੌਣ ਹੈ? ਸਰਕਾਰ ਵਲੋਂ ਕਿਥੇ ਢਿੱਲ ਰਹੀ? ਅਤੇ ਡੇਰਾ ਸੰਚਾਲਕਾਂ ਦੀ ਭੂਮਿਕਾ ਕੀ ਰਹੀ ਇਨ੍ਹਾਂ ਸਾਰੇ ਤੱਥਾਂ ’ਤੇ ਮੰਗਲਵਾਰ ਤੋਂ ਹਾਈ ਕੋਰਟ ’ਚ ਟ੍ਰਾਇਲ ਸ਼ੁਰੂ ਹੋਇਆ। ਹਾਈ ਕੋਰਟ ਦੀ ਫੁਲ ਬੈਂਚ ਦੇ ਸਾਹਮਣੇ ਹੋਈ ਸੁਣਵਾਈ ਦੌਰਾਨ ਕੋਰਟ ਮਿੱਤਰ ਅਨੁਪਮ ਗੁਪਤਾ ਨੇ ਉਕਤ ਤੱਥਾਂ ’ਤੇ ਇਸ ਤੋਂ ਪਹਿਲਾਂ ਆਏ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਦੇ ਹੁਕਮਾਂ ਦਾ ਜ਼ਿਕਰ ਕਰਦਿਆਂ ਕੋਰਟ ਨੂੰ 25 ਅਗਸਤ, 2017 ਨੂੰ ਪੰਚਕੂਲਾ ’ਚ ਭੜਕੀ ਹਿੰਸਾ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ।

ਜੇਕਰ ਸਰਕਾਰ ਚਾਹੁੰਦੀ ਤਾਂ ਇਕ ਵੀ ਡੇਰਾ ਸਮਰਥਕ ਪੰਚਕੂਲਾ ਨਾ ਪਹੁੰਚ ਪਾਉਂਦਾ-
ਕੋਰਟ ਮਿੱਤਰ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਪੰਚਕੂਲਾ ’ਚ ਇਕ ਵੀ ਡੇਰਾ ਸਮਰਥਕ ਨਾ ਆ ਸਕਦਾ। ਉਨ੍ਹਾਂ ਕਿਹਾ ਕਿ ਤਿੰਨ ਦਿਨ ਤੱਕ ਸਮਰਥਕ ਪੁੱਜਦੇ ਰਹੇ ਪਰ ਸਰਕਾਰ ਅਤੇ ਪ੍ਰਸ਼ਾਸਨ ਦੇਖਦਾ ਰਿਹਾ, ਜਿਸ ਦਾ ਨਤੀਜਾ ਸੀ ਕਿ ਹਿੰਸਾ ਭੜਕੀ ਅਤੇ ਕਈ ਲੋਕਾਂ ਦੀ ਜਾਨ ਚਲੀ ਗਈ। ਕੋਰਟ ਨੇ ਵੀ ਕਈ ਵਾਰ ਤਕਰਾਰ ਸੁਣ ਕੇ ਮੰਨਿਆ ਕਿ ਸਰਕਾਰ ਅਤੇ ਬਾਬਾ ਹੀ ਹਿੰਸਾ ਦੇ ਜ਼ਿੰਮੇਵਾਰ ਹਨ ਪਰ ਉਹ ਜ਼ਿੰਮੇਵਾਰੀ ਤੈਅ ਕੌਣ ਕਰੇਗਾ, ਅਜੇ ਤੈਅ ਨਹੀਂ ਹੈ। ਕੋਰਟ ਪੂਰੇ ਘਟਨਾਕ੍ਰਮ ਦੀ ਜਾਂਚ ਲਈ ਐੱਸ.ਆਈ.ਟੀ. ਦਾ ਗਠਨ ਕਰੇਗੀ ਜਾਂ ਕਮਿਸ਼ਨ ਬਣਾਇਆ ਜਾਵੇਗਾ ਜਾਂ ਫੇਰ ਹਾਈ ਕੋਰਟ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕਰ ਸਕਦੀ ਹੈ ਜਾਂ ਨਹੀਂ, ਇਨ੍ਹਾਂ ਸਾਰੇ ਵਿਸ਼ਿਆਂ ਨੂੰ ਲੈ ਕੇ ਬਹਿਸ ਹੋਣੀ ਹੈ।

ਸਰਕਾਰ ਨੇ ਨਹੀਂ ਸੁਣੀ ਫੌਜ ਦੀ ਚਿਤਾਵਨੀ-
ਪਟੀਸ਼ਨਰ ਵਕੀਲਾਂ ਦਾ ਕਹਿਣਾ ਸੀ ਕਿ ਪੁਲਸ ਨੇ ਪੰਚਕੂਲਾ ਹਿੰਸਾ ਤੋਂ ਬਾਅਦ ਕਈ ਐੱਫ.ਆਈ.ਆਰਜ਼ ਦਰਜ ਕੀਤੀਆਂ ਸੀ ਅਤੇ ਰਾਜੇਸ਼ ਨਾਮਕ ਗਵਾਹ ਨੇ ਬਿਆਨ ਵੀ ਦਿੱਤੇ ਹਨ ਕਿ ਉਸ ਦੇ ਸਾਹਮਣੇ ਡੇਰੇ ’ਚ ਹਿੰਸਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਹੋਈ ਸੀ, ਜਦੋਂਕਿ ਇਕ ਹੋਰ ਗਵਾਹ ਨੇ ਡੇਰਾ ਪ੍ਰਮੁੱਖ ਵਲੋਂ ਉਨ੍ਹਾਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਿਵੇਂ ਹਿੰਸਾ ਫੈਲਾਉਣੀ ਹੈ, ਇਸ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਫੌਜ ਦੀ ਖੁਫੀਆ ਏਜੰਸੀ ਨੇ ਸਰਕਾਰ ਨੂੰ ਚੇਤੰਨ ਕੀਤਾ ਸੀ ਕਿ ਡੇਰਿਆਂ ’ਚ ਹਥਿਆਰ ਜਮ੍ਹਾ ਹੋ ਰਹੇ ਹਨ, ਜਿਸ ’ਤੇ ਹਾਈ ਕੋਰਟ ਨੇ ਹੀ ਪੰਜਾਬ ਅਤੇ ਹਰਿਆਣਾ ਨੂੰ ਹੁਕਮ ਦਿੱਤੇ ਸਨ ਕਿ ਦੋਵਾਂ ਰਾਜਾਂ ਦੇ ਡੇਰਿਆਂ ’ਤੇ ਨਜ਼ਰ ਰੱਖੀ ਜਾਵੇ ਪਰ ਸਰਕਾਰ ਨੇ ਉਕਤ ਹੁਕਮਾਂ ਨੂੰ ਹਲਕੇ ’ਚ ਲਿਆ। ਇਸ ਦੀ ਉਦਾਹਰਣ ਪੰਚਕੂਲਾ ਹਿੰਸਾ ਅਤੇ ਸੰਤ ਰਾਮਪਾਲ ਦੇ ਸਮਰਥਕਾਂ ਵਲੋਂ ਕੀਤੀ ਗਈ ਹਿੰਸਾ ਸੀ।

ਭਾਰਤ ’ਚ ਬਾਬਿਆਂ ਦਾ ਕਲਚਰ ਚੱਲ ਰਿਹੈ-
ਕੋਰਟ ਮਿੱਤਰ ਦਾ ਕਹਿਣਾ ਸੀ ਕਿ ਭਾਰਤ ’ਚ ਬਾਬਿਆਂ ਦਾ ਕਲਚਰ ਚੱਲ ਰਿਹਾ ਹੈ। ਹਰਿਆਣਾ ’ਚ ਵੀ ਸੰਤ ਰਾਮਪਾਲ ਅਤੇ ਗੁਰਮੀਤ ਰਾਮ ਰਹੀਮ ਨੇ ਸਮਰਥਕਾਂ ਦੀ ਵੱਡੀ ਫੌਜ ਖੜ੍ਹੀ ਕਰ ਲਈ ਸੀ, ਜੋ ਖੁਦ ਦੀ ਸਲਤਨਤ ਚਲਾਉਣਾ ਚਾਹੁੰਦੇ ਸਨ। ਸੰਤ ਰਾਮਪਾਲ ਨੇ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ, ਸਗੋਂ ਜੱਜਾਂ ਨੂੰ ਹੀ ਚੁਣੌਤੀ ਦਿੰਦਾ ਰਿਹਾ ਸੀ। ਖੁਦ ਨੂੰ ਸਭ ਤੋਂ ਉਪਰ ਸਾਬਤ ਕਰਨ ਦੀ ਜੰਗ ’ਚ ਨੁਕਸਾਨ ਆਮ ਲੋਕਾਂ ਅਤੇ ਸਰਕਾਰੀ ਸੰਪਤੀਆਂ ਦਾ ਹੋਇਆ ਅਤੇ ਨਿਰਦੋਸ਼ਾਂ ਦੀਆਂ ਜਾਨਾਂ ਚਲੀਆਂ ਗਈਆਂ।

ਹੁਣ ਤਾਂ ਦੋ ਹੀ ਚੀਜ਼ਾਂ ਚੱਲਦੀਆਂ ਹਨ, ਬਾਬੇ ਜਾਂ ਢਾਬੇ-
ਫੁਲ ਬੈਂਚ ’ਚ ਚੱਲ ਰਹੀ ਸੁਣਵਾਈ ਦੌਰਾਨ ਜਸਟਿਸ ਰਾਜੀਵ ਸ਼ਰਮਾ ਨੇ ਕੋਰਟ ਮਿੱਤਰ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਤਾਂ ਦੋ ਹੀ ਚੀਜ਼ਾਂ ਚੱਲਦੀਆਂ ਹਨ- ਬਾਬੇ ਜਾਂ ਢਾਬੇ। ਦੋ ਘੰਟੇ ਚੱਲੀ ਸੁਣਵਾਈ ਦੌਰਾਨ ਡੇਰੇ ਵਲੋਂ ਪੇਸ਼ ਹੋਏ ਵਕੀਲਾਂ ਨੇ ਵੀ ਕੋਰਟ ਮਿੱਤਰ ਦੇ ਤਰਕਾਂ ਦਾ ਜਵਾਬ ਦੇਣਾ ਚਾਹਿਆ ਪਰ ਕੋਰਟ ਨੇ ਉਨ੍ਹਾਂ ਨੂੰ ਤਵੱਜੋਂ ਨਹੀਂ ਦਿੱਤੀ। ਸੁਣਵਾਈ 13 ਦਸੰਬਰ ਨੂੰ ਵੀ ਜਾਰੀ ਰਹੇਗੀ।


Iqbalkaur

Content Editor

Related News