HC ਦਾ ‘X ਕਾਰਪ’ ਤੇ ‘ਗੂਗਲ ਇੰਕ’ ਨੂੰ ਨਿਰਦੇਸ਼, ਸੋਸ਼ਲ ਮੀਡੀਆ ਤੋਂ ਹਟਾਈ ਜਾਵੇ ਅੰਜਲੀ ਬਿਰਲਾ ਖਿਲਾਫ ਪੋਸਟ
Tuesday, Jul 23, 2024 - 08:02 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ‘ਐਕਸ ਕਾਰਪ’ ਅਤੇ ‘ਗੂਗਲ ਇੰਕ’ ਨੂੰ ਭਾਰਤੀ ਰੇਲਵੇ ਕਰਮਚਾਰੀ ਸੇਵਾ (ਆਈ. ਆਰ. ਪੀ. ਐੱਸ.) ਅਧਿਕਾਰੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਬੇਟੀ ਅੰਜਲੀ ਬਿਰਲਾ ਵਿਰੁੱਧ ਪਹਿਲੀ ਨਜ਼ਰੇ ਮਾਣਹਾਨੀ ਵਾਲੀ ਸੋਸ਼ਲ ਮੀਡੀਆ ਪੋਸਟ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ।
ਜਸਟਿਸ ਨਵੀਨ ਚਾਵਲਾ ਨੇ ਅਣਜਾਣ ਧਿਰਾਂ ਨੂੰ ਅੰਜਲੀ ਬਿਰਲਾ ਵਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਵਿਚ ਦਰਜ ਕਥਿਤ ਮਾਣਹਾਨੀ ਵਾਲੀ ਸਮੱਗਰੀ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਪੋਸਟ ਕਰਨ, ਪ੍ਰਸਾਰਣ ਕਰਨ, ਪ੍ਰਸਾਰਿਤ ਕਰਨ, ਟਵੀਟ ਕਰਨ ਜਾਂ ਰੀਟਵੀਟ ਕਰਨ ਤੋਂ ਵੀ ਰੋਕ ਦਿੱਤਾ ਹੈ।
ਅਦਾਲਤ ਨੇ ਕਿਹਾ ਕਿ ਸੋਸ਼ਲ ਮੀਡੀਆ ਪੋਸਟ ਨੂੰ ਵਿਚੋਲਿਆਂ ਵਲੋਂ 24 ਘੰਟਿਆਂ ਦੇ ਅੰਦਰ ਹਟਾ ਦਿੱਤਾ ਜਾਵੇਗਾ। ਹਾਈ ਕੋਰਟ ਨੇ ਇਸ ਮਾਮਲੇ ’ਚ ‘ਐਕਸ’, ‘ਗੂਗਲ’, ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਅਤੇ ਅਣਪਛਾਤੀ ਧਿਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ।