6 ਸਾਲਾ ਬੱਚੇ ਨਾਲ ਬਦਫੈਲੀ, ਹਾਈ ਕੋਰਟ ਨੇ ਮੁਲਜ਼ਮ ਨੂੰ 6 ਲੱਖ ਰੁਪਏ ਮੁਆਵਜ਼ਾ ਦੇਣ ਲਈ ਕਿਹਾ
Thursday, May 27, 2021 - 04:41 AM (IST)
ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਛੇ ਸਾਲ ਦੇ ਇਕ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਮੁਲਜ਼ਮ ਨੂੰ ਪੀੜਤ ਨੂੰ 6 ਲੱਖ ਰੁਪਏ ਦਾ ਅੰਤਰਿਮ ਮੁਆਵਜ਼ਾ ਦੇਣ ਦਾ ਹੁਕਮ ਦਿੰਦੇ ਹੋਏ ਬੁੱਧਵਾਰ ਕਿਹਾ ਕਿ ਵਿਵਸਥਾ ਘੜੀ ਦੀਆਂ ਸੂਈਆਂ ਨੂੰ ਪਿੱਛੇ ਨਹੀਂ ਲਿਜਾ ਸਕਦੀ ਅਤੇ ਨਾ ਹੀ ਅਪਰਾਧ ਨੂੰ ਬਦਲ ਸਕਦੀ ਹੈ ਪਰ ਅਪਰਾਧੀ ਨੂੰ ਸਜ਼ਾ ਦੇਣ ਦੇ ਨਾਲ-ਨਾਲ ਪੀੜਤ ਬੱਚੇ ਨੂੰ ਵਿੱਤੀ ਮਦਦ ਦੇ ਕੇ ਮਨੋਵਿਗਿਆਨਕ ਸੁਰੱਖਿਆ ਤਾਂ ਦੇ ਸਕਦੀ ਹੈ।
ਹਾਈ ਕੋਰਟ ਨੇ ਪੀੜਤ ਮੁੰਡੇ ਨੂੰ 50 ਹਜ਼ਾਰ ਰੁਪਏ ਦਾ ਅੰਤਰਿਮ ਮੁਆਵਜ਼ਾ ਦੇਣ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਰੱਦ ਕਰਦੇ ਹੋਏ ਮੁਆਵਜ਼ੇ ਦੀ ਰਕਮ ਵਧਾ ਕੇ 6 ਲੱਖ ਰੁਪਏ ਕਰ ਦਿੱਤੀ। ਮਾਣਯੋਗ ਹਾਈ ਕੋਰਟ ਨੇ ਕਿਹਾ ਕਿ ਪਹਿਲਾਂ ਦਾ ਮੁਆਵਜ਼ਾ ਬਹੁਤ ਘੱਟ ਸੀ। ਜਸਟਿਸ ਅਨੁਪ ਜੈਰਾਮ ਨੇ ਕਿਹਾ ਕਿ ਬੱਚੇ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ ਵਧਾਉਂਦੇ ਹੋਏ ਅਦਾਲਤ ਦੀ ਕੋਸ਼ਿਸ਼ ਓਨੀ ਵਿੱਤੀ ਪੂਰਤੀ ਕਰਨ ਦੀ ਤਾਂ ਹੋਣੀ ਚਾਹੀਦੀ ਹੈ ਜਿੰਨੀ ਇਸ ਅਪਰਾਧ ਦੀ ਨੁਕਸਾਨ ਪੂਰਤੀ ਲਈ ਜ਼ਰੂਰੀ ਹੈ। 6 ਸਾਲ ਦਾ ਬੱਚਾ ਘਟਨਾ ਕਾਰਨ ਸਰੀਰਕ ਅਤੇ ਮਾਨਸਿਕ ਸਦਮੇ ’ਚੋਂ ਲੰਘਿਆ ਹੈ। ਉਸ ਦੇ ਮਨ ਨੂੰ ਭਾਵਨਾਤਮਕ ਸੱਟ ਲੱਗੀ ਹੈ।
ਦੱਸਣਯੋਗ ਹੈ ਕਿ 6 ਸਾਲ ਦੇ ਉਕਤ ਬੱਚੇ ਨਾਲ ਉਸ ਦੇ ਘਰ ਵਿਚ ਹੀ ਉਸ ਦੇ ਅੰਕਲ ਵਲੋਂ ਬਦਫੈਲੀ ਕੀਤੀ ਗਈ ਸੀ। ਮੁਲਜ਼ਮ ’ਤੇ ਮੁਕੱਦਮਾ ਚਲ ਰਿਹਾ ਹੈ। ਬੱਚਾ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਹੈ। ਉਸ ਦੀ ਮਾਂ ਲੋਕਾਂ ਦੇ ਘਰਾਂ ’ਚ ਕੰਮ ਕਰਦੀ ਹੈ। ਪਿਤਾ ਬੀਮਾਰ ਹੈ ਅਤੇ ਪਰਿਵਾਰ ਦੀ ਮਾਸਿਕ ਆਮਦਨ ਮੁਸ਼ਕਲ ਨਾਲ 6 ਹਜ਼ਾਰ ਰੁਪਏ ਹੈ। ਇਸ ਨਾਲ 4 ਵਿਅਕਤੀਆਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।