ਦਰਦਨਾਕ ਹਾਦਸਾ: 8 ਸਾਲਾਂ ਬਾਅਦ ਮਾਂ ਨੇ ਵੇਖਿਆ ਸੀ ਪੁੱਤਾਂ ਦਾ ਮੂੰਹ, ਖੇਡ-ਖੇਡ 'ਚ ਹੋਈ ਦੋਹਾਂ ਦੀ ਮੌਤ

Wednesday, Oct 14, 2020 - 12:30 PM (IST)

ਦਰਦਨਾਕ ਹਾਦਸਾ: 8 ਸਾਲਾਂ ਬਾਅਦ ਮਾਂ ਨੇ ਵੇਖਿਆ ਸੀ ਪੁੱਤਾਂ ਦਾ ਮੂੰਹ, ਖੇਡ-ਖੇਡ 'ਚ ਹੋਈ ਦੋਹਾਂ ਦੀ ਮੌਤ

ਝੱਜਰ— ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿਚ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਝੱਜਰ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਬੰਬੂਲੀਆ 'ਚ ਤਲਾਬ 'ਚ ਦੋ ਜੁੜਵਾ ਭਰਾਵਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਦਰਅਸਲ ਖੇਡ-ਖੇਡ 'ਚ ਦੋਵੇਂ ਭਰਾ ਕੁੱਤੇ ਦੇ ਪਿੱਲੇ ਨੂੰ ਬਚਾਉਣ ਦੇ ਚੱਕਰ 'ਚ ਤਲਾਬ ਵਿਚ ਡੁੱਬ ਗਏ। ਸਮੇਂ ਸਿਰ ਬਾਹਰ ਨਾ ਨਿਕਲ ਸਕਣ ਕਾਰਨ ਉਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪਿੰਡ ਵਾਸੀਆਂ ਦੇ ਧਿਆਨ 'ਚ ਮਾਮਲਾ ਆਉਣ ਮਗਰੋਂ ਉਨ੍ਹਾਂ ਨੇ ਪਰਿਵਾਰ ਨੂੰ ਸੂਚਨਾ ਦਿੱਤੀ। ਜਲਦੀ ਵਿਚ ਉਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾਇਆ। ਜਿੱਥੋਂ ਪੁਲਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ। 

ਜਾਣਕਾਰੀ ਮੁਤਾਬਕ ਪਿੰਡ ਬੰਬੂਲੀਆ ਵਾਸੀ ਸੰਦੀਪ ਦੇ ਘਰ 8 ਸਾਲ ਪਹਿਲਾਂ ਦੋ ਜੁੜਵਾ ਮੁੰਡਿਆਂ ਨੇ ਜਨਮ ਲਿਆ ਸੀ। ਦੋਵੇਂ ਤੀਜੀ ਜਮਾਤ ਵਿਚ ਪੜ੍ਹਦੇ ਸਨ। ਮੰਗਲਵਾਰ ਨੂੰ ਅੰਸ਼ ਅਤੇ ਵੰਸ਼ ਨਾਮੀ ਦੋਵੇਂ ਭਰਾ ਕੁੱਤੇ ਦੇ ਪਿੱਲੇ ਨਾਲ ਖੇਡ ਰਹੇ ਸਨ। ਖੇਡ-ਖੇਡ ਵਿਚ ਦੋਵੇਂ ਬੱਚੇ ਵੀ ਪਿੱਲੇ ਨੂੰ ਫੜਨ ਲਈ ਪਿੱਛੇ-ਪਿੱਛੇ ਚੱਲੇ ਗਏ। ਪਿੱਲਾ ਤਲਾਬ ਵਿਚ ਚੱਲਾ ਗਿਆ ਸੀ, ਜਿਸ ਨੂੰ ਫੜਨ ਲਈ ਦੋਵੇਂ ਬੱਚੇ ਤਲਾਬ 'ਚ ਚੱਲੇ ਗਏ। ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਪਾਣੀ ਵਿਚ ਡਿੱਗਦੇ ਦੇਖਿਆ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਪਾਣੀ 'ਚੋਂ ਬਾਹਰ ਕੱਢ ਕੇ ਬਚਾਉਣ ਦੀ ਕੋਸ਼ਿਸ਼ ਕੀਤੀ। ਬੱਚਿਆਂ ਨੂੰ ਤਲਾਬ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਸੰਦੀਪ ਦੀਆਂ 3 ਧੀਆਂ ਹਨ। ਤਿੰਨ ਭੈਣਾਂ ਮਗਰੋਂ ਹੀ ਦੋਹਾਂ ਪੁੱਤਾਂ ਦਾ ਜਨਮ ਹੋਇਆ ਸੀ। ਦੋਵੇਂ ਪਰਿਵਾਰ ਦੇ ਲਾਡਲੇ ਸਨ। 

ਮਾਂ ਦੀ ਕੁੱਖ ਵਿਚੋਂ ਇਕੱਠੇ ਜਨਮ ਲੈਣ ਤੋਂ ਬਾਅਦ ਇਕੱਠਿਆਂ ਬਚਪਨ ਬਿਤਾਉਣ ਵਾਲੇ ਅੰਸ਼ ਅਤੇ ਵੰਸ਼ ਜੁੜਵਾ ਭਰਾ ਜਵਾਨੀ ਦੀ ਦਹਿਲੀਜ 'ਤੇ ਕਦਮ ਰੱਖਦੇ ਪਰ ਉਸ ਤੋਂ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਆਖ ਗਏ। ਦੋਹਾਂ ਭਰਾਵਾਂ ਦੀ ਮੌਤ ਮਗਰੋਂ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪਿੰਡ ਵਾਸੀ ਵੀ ਇਸ ਘਟਨਾ ਤੋਂ ਕਾਫੀ ਦੁਖੀ ਹਨ। ਇਕ ਦਮ ਪਰਿਵਾਰ ਵਿਚ ਦੋ ਮੌਤਾਂ ਹੋਣ ਨਾਲ ਚੀਕ ਚਿਹਾੜ ਪੈ ਗਿਆ ਹੈ। ਭੈਣਾਂ ਵੀ ਭਰਾਵਾਂ ਲਈ ਬੇਸੁੱਧ ਹੋ ਰਹੀਆਂ ਹਨ।


author

Tanu

Content Editor

Related News