ਪੰਚਾਇਤ ਦਾ ਤੁਗਲਕੀ ਫਰਮਾਨ, ਵਿਧਵਾ ਨੂੰ 15 ਸਾਲਾਂ ਤੱਕ ਸਹੁਰੇ ਘਰ ਤੋਂ ਦੂਰ ਰਹਿਣ ਦਾ ਸੁਣਾਇਆ ਫੈਸਲਾ

6/19/2020 8:58:31 PM

ਹਿਸਾਰ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ 'ਚ ਢਾਣੀ ਭੋਜਰਾਜ ਦੀ ਪਿੰਡ ਦੀ ਪੰਚਾਇਤ ਨੇ ਸੱਸ-ਨੂੰਹ ਦੇ ਝਗੜੇ 'ਚ ਇਕ ਅਜੀਬੋ-ਗਰੀਬ ਫੈਸਲਾ ਸੁਣਾਉਂਦੇ ਹੋਏ ਇਕ ਵਿਧਵਾ ਨੂੰ 15 ਸਾਲ ਤੱਕ ਸਹੁਰੇ ਘਰ ਤੋਂ ਦੂਰ ਰਹਿਣ ਲਈ ਕਿਹਾ ਹੈ ਅਤੇ ਉਸ ਨੂੰ ਆਪਣੀ 12 ਸਾਲਾ ਧੀ ਤੋਂ ਵੀ ਵੱਖ ਕਰ ਦਿੱਤਾ ਗਿਆ ਹੈ। ਪੀੜਤਾ ਰਾਜਬਾਲਾ ਨੇ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਤੀ ਸ਼ਮਸ਼ੇਰ ਸਿੰਘ ਦਾ ਪਿਛਲੇ ਸਾਲ ਦਿਹਾਂਤ ਹੋਇਆ ਸੀ। ਜਿਸ ਤੋਂ ਬਾਅਦ ਉਸ ਦੀ ਸੱਸ, ਨਨਾਣਾਂ ਨੇ ਉਸ ਤੋਂ ਨਕਦੀ, ਗਹਿਣੇ, ਪਿਤਾ ਵਲੋਂ ਦਿੱਤਾ ਸਾਰਾ ਘਰੇਲੂ ਸਾਮਾਨ ਖੋਹ ਲਿਆ। ਹਾਲਾਂਕਿ ਉਹ ਪਹਿਲਾਂ ਤੋਂ ਪਤੀ ਨਾਲ ਵੱਖ ਤੋਂ ਕਿਰਾਏ ਦੇ ਮਕਾਨ 'ਚ ਰਹਿ ਰਹੀ ਸੀ ਪਰ ਉਸ ਨੂੰ ਉਸ ਮਕਾਨ ਤੋਂ ਵੀ ਕੱਢ ਦਿੱਤਾ ਗਿਆ। ਰਾਜਬਾਲਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਨਿਆਂ ਲਈ ਪਿੰਡ ਦੀ ਪੰਚਾਇਤ ਤੋਂ ਗੁਹਾਰ ਲਾਈ। ਪੰਚਾਇਤ ਨੇ ਆਪਣੇ ਫੈਸਲੇ 'ਚ ਉਸ ਨੂੰ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਤਾਂ ਦਿਵਾ ਦਿੱਤੀ ਪਰ ਪਿੰਡ ਤੋਂ ਕੱਢ ਦਿੱਤਾ। ਪੰਚਾਇਤ ਦੇ ਤੁਗਲਕੀ ਫੈਸਲੇ ਅਨੁਸਾਰ ਧੀ ਦਾਦੀ ਨਾਲ ਰਹੇਗੀ ਅਤੇ ਬੇਟਾ ਰਾਜਬਾਲਾ ਨਾਲ। ਰਾਜਬਾਲਾ ਨੇ ਦੋਸ਼ ਲਗਾਇਆ ਕਿ ਉਸ ਦੀ ਸੱਸ, ਜੋ ਉਸ ਦੇ ਪਤੀ ਦੀ ਸੌਤੇਲੀ ਮਾਂ ਸੀ, ਨੇ ਉਸ ਨੂੰ 13 ਸਾਲ ਸਤਾਇਆ ਅਤੇ ਸ਼ੱਕ ਜਤਾਇਆ ਕਿ ਹੁਣ ਉਹ ਉਸ ਦੀ ਧੀ ਨੂੰ ਪਰੇਸ਼ਾਨ ਕਰੇਗੀ।

ਪੀੜਤਾ ਨੇ ਇਹ ਵੀ ਕਿਹਾ ਕਿ ਉਸ ਨੂੰ ਪੇਕੇ ਜਾ ਕੇ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ ਪਰ ਉਹ ਆਪਣੇ ਪਿਤਾ ਦੇ ਘਰ 15 ਸਾਲ ਕਿਵੇਂ ਰਹਿ ਸਕਦੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਨਿਆਂ ਦੀ ਗੁਹਾਰ ਲਾਈ ਹੈ। ਦੂਜੇ ਪਾਸੇ ਪਿੰਡ ਦੀ ਪੰਚਾਇਤ ਢਾਣੀ ਭੋਜਰਾਜ ਦੇ ਸਰਪੰਚ ਸਾਧੂ ਰਾਮ ਮਹਲਾ ਨੇ ਕਿਹਾ ਕਿ ਸ਼ਮਸ਼ੇਰ ਦੀ ਮੌਤ ਤੋਂ ਬਾਅਦ ਦੋਹਾਂ ਪੱਖਾਂ 'ਚ ਮੌਤ ਦੇ ਕਾਰਨਾਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ, ਅਜਿਹੇ 'ਚ ਪੰਚਾਇਤ ਨੇ ਦੋਹਾਂ ਪੱਖਾਂ ਨੂੰ ਸਮਝਾ ਕੇ ਫੈਸਲਾ ਕਰ ਕੇ ਸ਼ਮਸ਼ੇਰ ਦੇ ਹਿੱਸੇ ਦੀ ਜ਼ਮੀਨ ਬੱਚਿਆਂ ਨੂੰ ਦਿਵਾ ਦਿੱਤੀ ਹੈ ਅਤੇ ਰਾਜਬਾਲਾ ਨੂੰ 15 ਸਾਲਾਂ ਤੱਕ ਪੇਕੇ ਰਹਿਣ ਲਈ ਕਿਹਾ ਗਿਆ ਹੈ। ਬੱਚਿਆਂ ਦੇ ਵਿਆਹ ਦੇ ਸਮੇਂ ਉਨ੍ਹਾਂ ਨੂੰ ਮਿਲਾ ਦਿੱਤਾ ਜਾਵੇਗਾ। ਇਸ ਵਿਚ ਫਤਿਹਾਬਾਦ ਡਿਪਟੀ ਕਮਿਸ਼ਨਰ ਡਾ. ਨਰਹਰਿ ਬਾਂਗੜ ਸਿੰਘ ਦੇ ਸਹਾਇਕ ਡਿਪਟੀ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਅਤੇ ਉੱਚਿਤ ਕਾਰਵਾਈ ਦੇ ਆਦੇਸ਼ ਦਿੱਤੇ ਹਨ।


DIsha

Content Editor DIsha