ਹਰਿਆਣਾ ''ਚ ਵੱਡੀ ਵਾਰਦਾਤ, ਪਤੀ ਨੇ ਪਤਨੀ ਅਤੇ 3 ਸਾਲਾ ਧੀ ਨੂੰ ਜਿਊਂਦਾ ਸਾੜਿਆ

Wednesday, Jun 10, 2020 - 03:13 PM (IST)

ਹਰਿਆਣਾ ''ਚ ਵੱਡੀ ਵਾਰਦਾਤ, ਪਤੀ ਨੇ ਪਤਨੀ ਅਤੇ 3 ਸਾਲਾ ਧੀ ਨੂੰ ਜਿਊਂਦਾ ਸਾੜਿਆ

ਰੋਹਤਕ (ਭਾਸ਼ਾ)— ਹਰਿਆਣਾ ਦੇ ਰੋਹਤਕ ਜ਼ਿਲੇ ਵਿਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੇ ਹੀ ਘਰ 'ਚ ਅੱਗ ਲਾ ਦਿੱਤੀ, ਜਿਸ ਕਾਰਨ ਉਸ ਦੀ ਪਤਨੀ ਅਤੇ 3 ਸਾਲਾ ਧੀ ਦੀ ਮੌਤ ਹੋ ਗਈ। ਮੰਗਲਵਾਰ ਨੂੰ ਵਾਪਰੀ ਇਸ ਘਟਨਾ ਵਿਚ ਜੋੜੇ ਦੀ ਸਭ ਤੋਂ ਛੋਟੀ ਦੋ ਸਾਲ ਦੀ ਧੀ ਵੀ ਝੁਲਸ ਗਈ ਹੈ, ਜਿਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਸਬਜ਼ੀ ਮੰਡੀ ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਜਨਾਨੀ ਦੇ ਪਿਤਾ ਮਹਿੰਦਰ ਦੀ ਸ਼ਿਕਾਇਤ 'ਤੇ ਦੋਸ਼ੀ ਰਾਜੇਸ਼ (32) ਨੂੰ ਹੱਤਿਆ ਅਤੇ ਹੋਰ ਦੋਸ਼ਾਂ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। 

ਓਧਰ ਐੱਸ. ਐੱਚ. ਓ. ਨੇ ਕਿਹਾ ਕਿ ਜਦੋਂ ਪੁਲਸ ਨੂੰ ਘਟਨਾ ਬਾਰੇ ਸੂਚਨਾ ਮਿਲੀ ਤਾਂ ਉਹ ਦੋਸ਼ੀ ਦੇ ਘਰ ਪਹੁੰਚੇ, ਜਿੱਥੇ ਇਕ ਮੰਜੀ 'ਤੇ ਜਨਾਨੀ ਮੰਜੂ ਅਤੇ ਉਸ ਦੀ ਧੀ ਦੀਆਂ ਲਾਸ਼ਾਂ ਪਈਆਂ ਸਨ। ਉਸ ਦੀ ਦੂਜੀ ਧੀ ਬਾਹਰ ਪਈ ਮਿਲੀ। ਘਟਨਾ ਤੋਂ ਬਾਅਦ ਪੇਸ਼ੇ ਤੋਂ ਸਬਜ਼ੀ ਵਿਕਰੇਤਾ ਰਾਜੇਸ਼ ਦੌੜ ਗਿਆ। ਉਸ ਨੂੰ ਰੋਹਤਕ ਤੋਂ ਗ੍ਰਿਫਤਾਰ ਕੀਤਾ ਗਿਆ। ਸਿੰਘ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬੱਚਣ ਲਈ ਦੋਸ਼ੀ ਨੇ ਪੁਲਸ ਟੀਮ 'ਤੇ ਵੀ ਹਮਲਾ ਕੀਤਾ ਅਤੇ ਪੱਥਰ ਸੁੱਟੇ ਪਰ ਪੁਲਸ ਨੇ ਉਸ ਨੂੰ ਫੜ ਲਿਆ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਵਿਰੁੱਧ ਹੱਤਿਆ ਦੀ ਕੋਸ਼ਿਸ਼ ਅਤੇ ਪੁਲਸ 'ਤੇ ਹਮਲਾ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 

ਪੁਲਸ ਮੁਤਾਬਕ ਦੋਸ਼ੀ ਦੀ ਦੋ ਸਾਲ ਦੀ ਬੱਚੀ ਹੁਣ ਖਤਰੇ ਵਿਚੋਂ ਬਾਹਰ ਹੈ। ਸਹੁਰੇ ਮਹਿੰਦਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਰਾਜੇਸ਼ ਕਰੀਬ 7 ਸਾਲ ਪਹਿਲਾਂ ਉਨ੍ਹਾਂ ਦੀ ਧੀ ਮੰਜੂ ਨਾਲ ਵਿਆਹਿਆ ਸੀ, ਵਿਆਹ ਤੋਂ ਬਾਅਦ ਹੀ ਉਹ ਮੰਜੂ ਨੂੰ ਤੰਗ-ਪਰੇਸ਼ਾਨ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਰਾਜੇਸ਼ ਨੇ ਹੀ ਆਪਣੇ ਪਰਿਵਾਰ ਨੂੰ ਅੱਗ ਲਾਈ ਸੀ।


author

Tanu

Content Editor

Related News