ਹਰਿਆਣਾ 'ਚ JJP ਬਣੀ 'ਸਥਾਈ ਮਾਨਤਾ' ਵਾਲੀ ਪਾਰਟੀ
Saturday, Nov 30, 2019 - 11:21 AM (IST)

ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਾਲ ਮਿਲ ਕੇ ਸਰਕਾਰ ਬਣਾਉਣ ਵਾਲੀ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਨੂੰ ਸ਼ੁੱਕਰਵਾਰ ਚੋਣ ਕਮਿਸ਼ਨ ਤੋਂ ਮਾਨਤਾ ਮਿਲ ਗਈ ਹੈ। ਇਸ ਦੇ ਨਾਲ ਹੀ ਪਾਰਟੀ ਦੇ ਸਥਾਈ ਚੋਣ ਨਿਸ਼ਾਨ ਨੂੰ ਵੀ ਮਨਜ਼ੂਰੀ ਮਿਲ ਗਈ। ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇ.ਜੇ.ਪੀ ਦਾ ਚੋਣ ਨਿਸ਼ਾਨ 'ਚਾਬੀ' ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹਰਿਆਣਾ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਨਨਾਇਕ ਜਨਤਾ ਪਾਰਟੀ ਨੂੰ ਮਿਲੀਆਂ ਚੰਗੀਆਂ ਵੋਟਾਂ ਦੇ ਕਾਰਨ ਜੇ.ਜੇ.ਪੀ ਨੂੰ ਚੋਣ ਕਮਿਸ਼ਨ ਵੱਲੋਂ ਰਾਜਨੀਤਿਕ ਦਲ ਦੀ ਮਾਨਤਾ ਮਿਲੀ ਹੈ। ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਵਾਲੀ ਜਨਨਾਇਕ ਜਨਤਾ ਪਾਰਟੀ ਨੇ ਹਰਿਆਣਾ ਦੀਆਂ 10 ਸੀਟਾਂ 'ਤੇ ਜਿੱਤ ਹਾਸਲ ਕੀਤੀ।
ਜੇ.ਜੇ.ਪੀ. ਦੇ ਸਮਰਥਨ ਨਾਲ ਮਨੋਹਰ ਲਾਲ ਖੱਟੜ ਸੂਬੇ 'ਚ ਦੂਜੀ ਵਾਰ ਮੁੱਖ ਮੰਤਰੀ ਬਣੇ। ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦੁਸ਼ਯੰਤ ਚੌਟਾਲਾ ਖੱਟੜ ਸਰਕਾਰ 'ਚ ਉਪ ਮੁੱਖ ਮੰਤਰੀ ਬਣੇ।