ਜੁੱਤੀਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਆਸਮਾਨ 'ਚ ਛਾਇਆ ਕਾਲੇ ਧੂੰਏਂ ਦਾ ਗੁਬਾਰ
Monday, Oct 14, 2024 - 01:31 PM (IST)
ਬਹਾਦਰਗੜ੍ਹ- ਹਰਿਆਣਾ ਦੇ ਬਹਾਦਰਗੜ੍ਹ 'ਚ ਇਕ ਜੁੱਤੀਆਂ ਦੀ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਫੈਕਟਰੀ ਦੇ ਅੰਦਰ ਰੱਖਿਆ ਕਰੋੜਾਂ ਰੁਪਏ ਦਾ ਕੱਚਾ ਅਤੇ ਤਿਆਰ ਮਾਲ ਸੜ ਕੇ ਸੁਆਹ ਹੋ ਗਿਆ। ਫੈਕਟਰੀ ਵਿਚ ਅੱਗ ਸਵੇਰੇ ਤੜਕਸਾਰ ਕਰੀਬ 4.30 ਵਜੇ ਲੱਗੀ ਸੀ। ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।
ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਅੰਦਰ ਰਬੜ ਅਤੇ ਬਹੁਤ ਜਲਣਸ਼ੀਲ ਕੈਮੀਕਲ ਪਿਆ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਫਾਇਰ ਅਫ਼ਸਰ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 4.30 ਵਜੇ ਸੂਚਨਾ ਮਿਲੀ ਸੀ ਕਿ ਬਹਾਦਰਗੜ੍ਹ ਦੇ ਸੈਕਟਰ-17 ਦੇ ਪਲਾਟ ਨੰਬਰ-38 ਸਥਿਤ ਫੁਟਵੀਅਰ ਨਾਂ ਦੀ ਫੈਕਟਰੀ ਵਿਚ ਅੱਗ ਲੱਗੀ ਹੋਈ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਰਮੇਸ਼ ਮੁਤਾਬਕ ਅੱਗ ਕਾਫੀ ਭਿਆਨਕ ਸੀ, ਇਸ ਲਈ ਫੈਕਟਰੀ ਦੀ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਫੈਕਟਰੀ ਦੀ ਟੀਨ ਸ਼ੈੱਡ ਅੱਗ ਦੀ ਗਰਮੀ ਕਾਰਨ ਪਿਘਲ ਕੇ ਹੇਠਾਂ ਡਿੱਗ ਗਈ। ਫੈਕਟਰੀ ਦੀ ਇਮਾਰਤ ਦੇ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਬਹਾਦਰਗੜ੍ਹ ਦੇ ਫਾਇਰ ਸਟੇਸ਼ਨਾਂ ਤੋਂ ਇਲਾਵਾ ਰੋਹਤਕ, ਝੱਜਰ ਅਤੇ ਏਮਜ਼ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ।