ਰਾਸ਼ਟਰਪਤੀ ਨੇ ਹਰਿਆਣਾ ਦੀ ਕੀਤੀ ਤਾਰੀਫ਼, ਬੋਲੇ- ‘ਹਰ ਪਰਿਵਾਰ ’ਚੋਂ ਇਕ ਕਿਸਾਨ ਅਤੇ ਇਕ ਜਵਾਨ ਮਿਲ ਜਾਂਦੈ’
Wednesday, Nov 17, 2021 - 05:51 PM (IST)
ਭਿਵਾਨੀ (ਵਾਰਤਾ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਕਿਹਾ ਕਿ ਹਰਿਆਣਾ ਨੇ ‘ਜੈ ਜਵਾਨ, ਜੈ ਕਿਸਾਨ’ ਸੱਭਿਆਚਾਰ ਨੂੰ ਅੱਗੇ ਵਧਾਇਆ ਹੈ। ਰਾਸ਼ਟਰਪਤੀ ਭਿਵਾਨੀ ਜ਼ਿਲ੍ਹੇ ਦੇ ਸਵੈ-ਪ੍ਰੇਰਿਤ ਆਦਰਸ਼ ਪਿੰਡ ਸੂਈ ’ਚ ਆਏ ਸਨ, ਜਿੱਥੇ ਉਨ੍ਹਾਂ ਨੇ ਲੱਗਭਗ 25 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪਿੰਡ ’ਚ ਸ਼੍ਰੀਕਿਸ਼ਨ ਜਿੰਦਲ ਵਲੋਂ ਗੋਦ ਲੈ ਕੇ ਕੀਤੇ ਗਏ ਵਿਕਾਸ ਕੰਮਾਂ- ਸਕੂਲ, ਝੀਲ, 8 ਪਾਰਕਾਂ, ਗਲੀਆਂ, ਸੋਲਰ ਪਲਾਂਟ ਨੂੰ ਜਨਤਾ ਨੂੰ ਸਮਰਪਿਤ ਕੀਤਾ। ਇਸ ਮੌਕੇ ਰਾਸ਼ਟਰਪਤੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਹਰਿਆਣਾ ਉਹ ਸੂਬਾ ਹੈ, ਜਿੱਥੇ ਹਰ ਪਰਿਵਾਰ ’ਚੋਂ ਇਕ ਕਿਸਾਨ ਅਤੇ ਇਕ ਜਵਾਨ ਮਿਲ ਜਾਂਦਾ ਹੈ। ਅਜਿਹੇ ਵਿਚ ਹਰਿਆਣਾ ਸੂਬੇ ਨੇ ‘ਜੈ ਜਵਾਨ, ਜੈ ਕਿਸਾਨ’ ਸੱਭਿਆਚਾਰ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀਆਂ ਧੀਆਂ ਨੇ ਦੇਸ਼ ਦਾ ਨਾਂ ਚਮਕਾਇਆ ਹੈ।
ਰਾਮਨਾਥ ਕੋਵਿੰਦ ਨੇ ਕਿਹਾ ਕਿ ਹਾਲ ਹੀ ਵਿਚ ਉਨ੍ਹਾਂ ਨੇ ਓਲੰਪਿਕ ਜੇਤੂ ਖਿਡਾਰੀਆਂ ਨੂੰ ਐਵਾਰਡ ਦਿੱਤੇ ਹਨ, ਜਿਸ ’ਚ 22 ਫ਼ੀਸਦੀ ਖਿਡਾਰੀ ਇਕੱਲੇ ਹਰਿਆਣਾ ਤੋਂ ਸਨ। ਉਨ੍ਹਾਂ ਨੇ ਓਲੰਪਿਕ ਮੈਡਲਿਸਟ ਨੀਰਜ ਚੋਪੜਾ ਅਤੇ ਕੁਸ਼ਤੀ ਖਿਡਾਰੀ ਸੱਜਨ ਸਿੰਘ ਦਾ ਵੀ ਜ਼ਿਕਰ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਸੂਬਾ ਸਰਕਾਰ ਨੇ 205 ਸਵੈ-ਪ੍ਰੇਰਿਤ ਪਿੰਡ ਬਣਾਉਣ ਦਾ ਫ਼ੈਸਲਾ ਲਿਆ ਹੈ, ਜੋ ਇਕ ਸ਼ਲਾਘਾਯੋਗ ਕਦਮ ਹੈ। ਪਿੰਡ ਸੂਈ ਦੇ ਸ਼੍ਰੀਕਿਸ਼ਨ ਜਿੰਦਲ ਦੇ ਪਰਿਵਾਰ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਆਪਣੇ ਪਿੰਡ ਦੀ ਮਿੱਟੀ ਨਾਲ ਪਿਆਰ ਕਰਨ ਵਾਲੇ ਲੋਕ ਆਪਣੇ ਪਿੰਡ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਸ ਦਾ ਉਦਾਹਰਣ ਸੂਈ ਪਿੰਡ ਹੈ। ਰਾਸ਼ਟਰਪਤੀ ਨੇ ਆਉਣ ਵਾਲੀ 24 ਨਵੰਬਰ ਨੂੰ ਸਰ ਛੋਟੂਰਾਮ ਦੀ ਜਯੰਤੀ ਦੀ ਵਧਾਈ ਵੀ ਪਿੰਡ ਵਾਸੀਆਂ ਨੂੰ ਦਿੱਤੀ।