ਹਰਿਆਣਾ : ਖੱਟੜ ਸਿਰ CM ਦਾ ਤਾਜ, ਦੁਸ਼ਯੰਤ ਹੋਣਗੇ ਉਪ ਮੁੱਖ ਮੰਤਰੀ

10/27/2019 8:30:53 AM

ਚੰਡੀਗੜ੍ਹ—  ਦੀਵਾਲੀ 'ਤੇ ਹਰਿਆਣਾ ਦੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਹੋਵੇਗਾ। ਭਾਜਪਾ ਇਕ ਵਾਰ ਫਿਰ ਹਰਿਆਣਾ ਵਿਚ ਮਨੋਹਰ ਲਾਲ ਖੱਟੜ ਦੀ ਅਗਵਾਈ ਵਿਚ ਸਰਕਾਰ ਬਣਾਉਣ ਜਾ ਰਹੀ ਹੈ। ਦੁਪਹਿਰ 2.15 ਵਜੇ ਰਾਜ ਭਵਨ ਵਿਚ ਸਹੁੰ ਚੁੱਕ ਸਮਾਰੋਹ ਹੋਵੇਗਾ। ਇਸ ਵਿਚ ਮਨੋਹਰ ਲਾਲ ਖੱਟੜ ਨੂੰ ਮੁੱਖ ਮੰਤਰੀ ਅਤੇ ਦੁਸ਼ਯੰਤ ਚੌਟਾਲਾ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ।

 

ਮੰਤਰੀ ਮੰਡਲੀ ਦਾ ਵਿਸਥਾਰ ਦੀਵਾਲੀ ਮਗਰੋਂ ਹੋਵੇਗਾ ਅਤੇ ਸਹੁੰ ਚੁੱਕ ਸਮਾਰੋਹ ਦੌਰਾਨ ਕਿਸੇ ਵੀ ਹੋਰ ਵਿਧਾਇਕ ਨੂੰ ਮੰਤਰੀ ਦੇ ਤੌਰ 'ਤੇ ਸਹੁੰ ਨਹੀਂ ਚੁਕਾਈ ਜਾਏਗੀ। ਹਾਲਾਂਕਿ, ਨਵੀਂ ਸਰਕਾਰ ਵਿਚ ਭਾਜਪਾ ਦੇ ਉੱਚ ਨੇਤਾ ਤੇ 6 ਵਾਰ ਤੋਂ ਵਿਧਾਇਕ ਅਨਿਲ ਵਿੱਜ, ਬਨਵਾਰੀ ਲਾਲ, ਸੀਮਾ ਤਰਿਖਾ ਤੇ ਜਜਪਾ ਦੇ ਰਾਮ ਕੁਮਾਰ ਗੌਤਮ ਅਤੇ ਈਸ਼ਵਰ ਸਿੰਘ  ਨੂੰ ਨਵੀਂ ਸਰਕਾਰ ਵਿਚ ਮੰਤਰੀ ਅਹੁਦਾ ਮਿਲ ਸਕਦਾ ਹੈ। ਪਿਛਲੀ ਸਰਕਾਰ ਵਿਚ ਵਿੱਜ ਸਿਹਤ ਮੰਤਰੀ ਸਨ ਤੇ ਅੰਬਾਲਾ ਕੈਂਟ ਤੋਂ 6 ਵਾਰ ਵਿਧਾਇਕ ਰਹੇ ਹਨ। ਪਾਰਟੀ ਸੂਤਰਾਂ ਮੁਤਾਬਕ, ਭਾਜਪਾ ਨੂੰ ਸਮਰਥਨ ਦੇ ਰਹੇ 7 ਆਜ਼ਾਦ ਵਿਧਾਇਕਾਂ 'ਚੋਂ ਦੇਵੀ ਲਾਲ ਦੇ ਬੇਟੇ ਰਣਜੀਤ ਸਿੰਘ ਚੌਟਾਲਾ ਮੰਤਰੀ ਦੀ ਰੇਸ ਵਿਚ ਸਭ ਤੋਂ ਮੋਹਰੇ ਚੱਲ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਦਾ ਨਾਮ ਵੀ ਮੰਤਰੀ ਅਹੁਦੇ ਦੀ ਰੇਸ ਵਿਚ ਅੱਗੇ ਮੰਨਿਆ ਜਾ ਰਿਹਾ ਹੈ। ਦੱਸ ਦੇਈਏ ਕਿ ਭਾਜਪਾ ਨੇ ਖੇਡ ਜਗਤ ਵਿਚੋਂ ਸੰਦੀਪ ਸਿੰਘ ਤੋਂ ਇਲਾਵਾ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਪਹਿਲਵਾਨ ਯੋਗੇਸ਼ਵਰ ਦੱਤ ਅਤੇ ਬਬੀਤਾ ਫੋਗਾਟ ਨੂੰ ਵੀ ਮੈਦਾਨ ਵਿਚ ਉਤਾਰਿਆ ਸੀ ਪਰ ਇਹ ਦੋਵੇਂ ਹੀ ਚੋਣ ਹਾਰ ਗਏ।

ਜ਼ਿਕਰਯੋਗ ਹੈ ਕਿ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀਰਵਾਰ ਨੂੰ ਆਏ ਸਨ, ਜਿਸ ਵਿਚ ਕੋਈ ਵੀ ਪਾਰਟੀ ਬਹੁਮਤ ਦੇ ਅੰਕੜੇ ਨੂੰ ਨਹੀਂ ਛੂਹ ਸਕੀ। ਭਾਜਪਾ ਨੂੰ 40 ਸੀਟਾਂ ਮਿਲੀਆਂ। ਦੁਸ਼ਯੰਤ ਚੌਟਾਲਾ ਚੌਟਾਲਾ ਦੀ ਪਾਰਟੀ ਜਜਪਾ ਨੂੰ 10, ਕਾਂਗਰਸ ਨੂੰ 31 ਸੀਟਾਂ 'ਤੇ ਜਿੱਤ ਹਾਸਲ ਹੋਈ। ਭਾਜਪਾ ਹੁਣ ਜਜਪਾ ਤੇ 7 ਆਜ਼ਾਦ ਵਿਧਾਇਕਾਂ ਨਾਲ ਮਿਲ ਕੇ ਸਰਕਾਰ ਬਣਾ ਰਹੀ ਹੈ। ਗੋਪਾਲ ਕਾਂਡਾ ਦੀ ਹਮਾਇਤ ਲੈਣ ਤੋਂ ਭਾਜਪਾ ਨਾਂਹ ਕਰ ਚੁੱਕੀ ਹੈ। ਉੱਥੇ ਹੀ, ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿਚ ਇਕ ਸਥਿਰ ਤੇ ਮਜ਼ਬੂਤ ਸਰਕਾਰ ਬਣਾਉਣ ਲਈ ਉਨ੍ਹਾਂ ਨੇ ਭਾਜਪਾ ਨੂੰ ਆਪਣੀ ਹਮਾਇਤ ਦਿੱਤੀ ਹੈ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਇਹ ਸਰਕਾਰ 5 ਸਾਲ ਤੱਕ ਚੱਲੇਗੀ।


Related News