ਮਾਨਸੂਨ 'ਚ ਦੇਰੀ ਕਾਰਨ ਹਰਿਆਣਾ ਦੇ ਕਿਸਾਨਾਂ ਨੂੰ ਹੁਣ ਹਰ ਦਿਨ 8 ਦੀ ਬਜਾਏ 10 ਘੰਟੇ ਮਿਲੇਗੀ ਬਿਜਲੀ
Friday, Jul 09, 2021 - 03:53 PM (IST)

ਹਰਿਆਣਾ- ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਸੂਬੇ ਦੇ ਕਿਸਾਨਾਂ ਨੂੰ ਮਾਨਸੂਨ 'ਚ ਦੇਰੀ ਕਾਰਨ ਝੋਨੇ ਦੀ ਬਿਜਾਈ ਲਈ 2 ਘੰਟੇ ਵਾਧੂ ਬਿਜਲੀ ਸਪਲਾਈ ਮਿਲੇਗੀ। ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਨੇ ਟਵੀਟ ਕੀਤਾ,''ਸੂਬੇ ਦੇ ਕਿਸਾਨਾਂ ਨੂੰ ਮਾਨਸੂਨ ਆਉਣ ਤੱਕ 8 ਘੰਟੇ ਦੀ ਬਜਾਏ 10 ਘੰਟੇ ਬਿਜਲੀ ਦਿੱਤੀ ਜਾਵੇਗੀ।'' ਅਧਿਕਾਰਤ ਬਿਆਨ ਅਨੁਸਾਰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਨਿਰਦੇਸ਼ 'ਤੇ ਇਹ ਫ਼ੈਸਲਾ ਲਿਆ ਗਿਆ ਹੈ।
ਸੂਬੇ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ 8 ਘੰਟੇ ਦੀ ਬਜਾਏ 10 ਘੰਟੇ ਬਿਜਲੀ ਮਿਲੇਗੀ। ਉਨ੍ਹਾਂ ਨੇ ਇੱਥੇ ਇਕ ਬਿਆਨ 'ਚ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਫ਼ਸਲ 'ਚ ਪਾਣੀ ਦੀ ਕਮੀ ਨੂੰ ਦੂਰ ਕਰਨ 'ਚ ਮਦਦ ਮਿਲੇਗੀ। 2 ਘੰਟੇ ਵਾਧੂ ਬਿਜਲੀ ਦੇਣ ਦੀ ਇਹ ਸਹੂਲਤ ਉਨ੍ਹਾਂ ਨੂੰ ਮਾਨਸੂਨ ਆਉਣ ਤੱਕ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ 'ਚ ਪੂਰੀ ਮਾਤਰਾ 'ਚ ਬਿਜਲੀ ਉਪਲੱਬਧ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।