ਹਰਿਆਣਾ 'ਚ ਖੇਤੀ ਆਰਡੀਨੈਂਸ ਖ਼ਿਲਾਫ ਕਿਸਾਨਾਂ ਦਾ ਹੱਲਾ-ਬੋਲ, ਪੁਲਸ ਨੇ ਕੀਤਾ ਲਾਠੀਚਾਰਜ
Thursday, Sep 10, 2020 - 06:38 PM (IST)
ਹਰਿਆਣਾ— ਹਰਿਆਣਾ ਦੇ ਕਿਸਾਨਾਂ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਖੇਤੀ ਆਰਡੀਨੈਂਸ ਖ਼ਿਲਾਫ਼ ਕੁਰੂਕਸ਼ੇਤਰ 'ਚ ਮਹਾ ਅੰਦੋਲਨ ਛੇੜਿਆ। ਇਸ ਦੌਰਾਨ ਕਿਸਾਨਾਂ ਦੀ ਪੁਲਸ ਨਾਲ ਝੜਪ ਹੋਈ। ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿਪਲੀ 'ਚ ਮਹਾ ਰੈਲੀ 'ਚ ਸ਼ਾਮਲ ਹੋਣ ਜਾ ਰਹੇ ਕਿਸਾਨ ਜਦੋਂ ਬੈਰੀਅਰ ਤੋੜ ਕੇ ਰੈਲੀ ਵਾਲੀ ਥਾਂ ਵੱਲ ਜਾ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ। ਰੋਹ 'ਚ ਆਏ ਕਿਸਾਨਾਂ ਨੇ ਵੀ ਪੁਲਸ 'ਤੇ ਪੱਥਰਬਾਜ਼ੀ ਕੀਤੀ। ਆਰਡੀਨੈਂਸ ਖ਼ਿਲਾਫ਼ ਫਤਿਹਾਬਾਦ ਦੀ ਅਨਾਜ ਮੰਡੀ ਬੰਦ ਰਹੀ ਅਤੇ ਵਪਾਰ ਮੰਡਲ ਨੇ ਲਾਲਬੱਤੀ ਚੌਕ 'ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਕਿਸਾਨਾਂ ਨੇ ਨੈਸ਼ਨਲ ਹਾਈਵੇਅ-44 ਨੇੜੇ ਕੁਰੂਕਸ਼ੇਤਰ ਵਿਚ ਵੀ ਪ੍ਰਦਰਸ਼ਨ ਕੀਤਾ। ਇਸ ਨਾਲ ਫਲਾਈਓਵਰ ਤੋਂ ਵੀ ਵਾਹਨਾਂ ਦੀ ਆਵਾਜਾਈ ਰੁੱਕ ਗਈ। ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ 'ਤੇ ਆਧਾਰਿਤ ਤਿੰਨ ਆਰਡੀਨੈਂਸ ਲਾਗੂ ਕਰਨ ਤੋਂ ਬਾਅਦ ਆੜ੍ਹਤੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦਾ ਰਿਸ਼ਤਾ ਖਤਮ ਹੋ ਜਾਵੇਗਾ, ਜਿਸ ਨੂੰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਗੱਲ ਰੱਖਣ ਲਈ ਮਹਾ ਰੈਲੀ 'ਚ ਜਾਣਾ ਸੀ ਪਰ ਪੁਲਸ ਨੇ ਅਜਿਹਾ ਨਹੀਂ ਹੋਣ ਦਿੱਤਾ।
ਓਧਰ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਸਿੰਘ ਨੇ ਦੱਸਿਆ ਕਿ ਮੰਡੀ ਪੂਰਨ ਰੂਪ ਨਾਲ ਬੰਦ ਕਰ ਕੇ ਆੜ੍ਹਤੀ, ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਮਹਾ ਰੈਲੀ ਕਰ ਰਹੇ ਹਾਂ ਪਰ ਜਿਵੇਂ ਹੀ ਅਸੀਂ ਪਿਪਲੀ ਲਈ ਕੂਚ ਕਰਨ ਲੱਗੇ ਤਾਂ ਪੁਲਸ ਨੇ ਜ਼ਬਰਨ ਉਨ੍ਹਾਂ ਨੂੰ ਰੋਕਿਆ, ਲਾਠੀਚਾਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਆੜ ਵਿਚ ਸਰਕਾਰ ਪ੍ਰਦੇਸ਼ ਦੀ ਜਨਤਾ 'ਤੇ ਅੱਤਿਆਚਾਰ ਕਰ ਰਹੀ ਹੈ। ਮੰਡੀ ਪ੍ਰਧਾਨ ਨੇ ਕਿਹਾ ਕਿ ਲੋਕਤੰਤਰ ਵਿਚ ਸਾਰਿਆਂ ਨੂੰ ਆਪਣੇ ਹੱਕਾਂ ਦੀ ਆਵਾਜ਼ ਚੁੱਕਣ ਦਾ ਅਧਿਕਾਰ ਹੈ ਪਰ ਭਾਜਪਾ ਸਰਕਾਰ ਤਾਨਾਸ਼ਾਹ ਸਰਕਾਰ ਬਣ ਚੁੱਕੀ ਹੈ। ਕਿਸਾਨਾਂ ਨੂੰ ਪੁਲਸ ਵਲੋਂ ਰੈਲੀ ਵਿਚ ਜਾਣ ਤੋਂ ਜ਼ਬਰਦਸਤੀ ਰੋਕਿਆ ਗਿਆ।
ਓਧਰ ਥਾਣਾ ਮੁਖੀ ਕਪਿਲ ਕੁਮਾਰ ਸਿਹਾਗ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਰੈਲੀ ਦੀ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ ਹੈ, ਇਸ ਲਈ ਰੈਲੀ 'ਚ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਕਿਸਾਨਾਂ ਅਤੇ ਆੜ੍ਹਤੀਆਂ ਨੂੰ ਰੈਲੀ 'ਚ ਜਾਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਨਜ਼ਰਬੰਦ ਕਰਨ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਸਮੇਤ ਕੁਝ ਸੰਗਠਨਾਂ ਦੇ ਵਰਕਰਾਂ ਨੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ। ਪਿਪਲੀ ਅਨਾਜ ਮੰਡੀ 'ਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 'ਕਿਸਾਨ ਬਚਾਓ, ਮੰਡੀ ਬਚਾਓ' ਕਿਸਾਨ ਰੈਲੀ ਆਯੋਜਨ ਰੋਕ ਲਾਉਣ 'ਤੇ ਕਿਸਾਨਾਂ 'ਚ ਕਾਫੀ ਰੋਕ ਹੈ। ਇਸ ਨੂੰ ਲੈ ਕੇ ਮੰਡੀ ਆੜ੍ਹਤੀਆਂ ਨੇ ਕਿਹਾ ਕਿ ਅਸੀਂ ਆਪਣੀ ਮੰਡੀ 'ਚ ਉਦੋਂ ਤੱਕ ਕੰਮ ਨਹੀਂ ਕਰਾਂਗੇ, ਜਦੋਂ ਤੱਕ ਇਹ ਸਰਕਾਰ ਨਹੀਂ ਜਾਗਦੀ।