ਪਰਾਲੀ ’ਤੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਝਾੜ, ਹਰਿਆਣਾ ਤੋਂ ਸਬਕ ਸਿੱਖਣ ਲਈ ਕਿਹਾ

Wednesday, Nov 22, 2023 - 10:15 AM (IST)

ਪਰਾਲੀ ’ਤੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਝਾੜ, ਹਰਿਆਣਾ ਤੋਂ ਸਬਕ ਸਿੱਖਣ ਲਈ ਕਿਹਾ

ਨਵੀਂ ਦਿੱਲੀ (ਵਾਰਤਾ)- ਸੁਪਰੀਮ ਕੋਰਟ ਨੇ ਕੌਮੀ ਰਾਜਧਾਨੀ ਦਿੱਲੀ ’ਚ ਹਵਾ ਦੇ ਪ੍ਰਦੂਸ਼ਣ ਨਾਲ ਜੁੜੇ ਮਾਮਲੇ ’ਤੇ ਸੁਣਵਾਈ ਕਰਦੇ ਹੋਏ ਮੰਗਲਵਾਰ ਪੰਜਾਬ ਸਰਕਾਰ ਨੂੰ ਝਾੜ ਪਾਈ ਤੇ ਉਸ ਨੂੰ ਹਰਿਆਣਾ ਸਰਕਾਰ ਤੋਂ ਸਬਕ ਲੈਣ ਲਈ ਕਿਹਾ। ਅਦਾਲਤ ਨੇ ਕਿਹਾ ਕਿ ਪੰਜਾਬ ਸਰਕਾਰ ਹਰਿਆਣਾ ਕੋਲੋਂ ਪੁੱਛੇ ਕਿ ਉਸ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਕਿਹੜੀਆਂ ਵਿੱਤੀ ਰਿਆਇਤਾਂ ਦਿੱਤੀਆਂ ਹਨ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ’ਚ ਸਿਆਸਤ ਭੁੱਲ ਕੇ ਪਰਾਲੀ ਨੂੰ ਸਾੜਨ ਤੋਂ ਰੋਕਣ ਦਾ ਤਰੀਕਾ ਲੱਭਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਉਤਸ਼ਾਹ ਬਾਰੇ ਹਰਿਆਣਾ ਤੋਂ ਸਿੱਖਣਾ ਚਾਹੀਦਾ ਹੈ। ਸਿਖਰਲੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਕੁਝ ਮਦਦ ਕਰਨ ਲਈ ਕਿਹਾ ਅਤੇ ਪੁੱਛਿਆ ਕਿ ਕਿਸਾਨਾਂ ਨੂੰ ਖਲਨਾਇਕ ਕਿਉਂ ਬਣਾਇਆ ਜਾ ਰਿਹਾ ਹੈ? ਉਨ੍ਹਾਂ ਕੋਲ ਪਰਾਲੀ ਸਾੜਨ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ। ਸੁਪਰੀਮ ਕੋਰਟ ਨੇ 7 ਨਵੰਬਰ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੀਆਂ ਸਰਕਾਰਾਂ ਨੂੰ ਪਰਾਲੀ ਨੂੰ ਸਾੜਨ ’ਤੇ ਤੁਰੰਤ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ : 2 ਸਿੱਖ ਉਮੀਦਵਾਰਾਂ ਨੂੰ ਜੱਜ ਨਾ ਬਣਾਉਣ ’ਤੇ ਨਾਰਾਜ਼ ਸੁਪਰੀਮ ਕੋਰਟ, ਕੇਂਦਰ ਸਰਕਾਰ ਨੂੰ ਪਾਈ ਝਾੜ

ਦੋਸ਼ਾਂ ਦੀ ਖੇਡ ਜਾਰੀ ਰਹੀ ਤਾਂ ਜ਼ਮੀਨ ਸੁੱਕ ਜਾਏਗੀ

ਬੈਂਚ ਨੇ ਚੇਤਾਵਨੀ ਦਿੱਤੀ ਕਿ ਜੇ ਦੋਸ਼ਾਂ ਦੀ ਖੇਡ ਜਾਰੀ ਰਹੀ ਤਾਂ ਜ਼ਮੀਨ ਸੁੱਕ ਜਾਵੇਗੀ ਅਤੇ ਪਾਣੀ ਵੀ ਖ਼ਤਮ ਹੋ ਜਾਵੇਗਾ।

ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਲਾਭ ਕਿਉਂ ਮਿਲਣਾ ਚਾਹੀਦਾ ਹੈ?

ਬੈਂਚ ਦੀ ਅਗਵਾਈ ਕਰ ਰਹੇ ਜਸਟਿਸ ਕੌਲ ਨੇ ਪਰਾਲੀ ਸਾੜਨ ਵਾਲਿਆਂ ਨੂੰ ਕੁਝ ਰਿਆਇਤਾਂ ਦੇਣ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੈਂ ਗੰਭੀਰਤਾ ਨਾਲ ਸੋਚ ਰਿਹਾ ਹਾਂ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਅਧੀਨ ਕਿਸਾਨਾਂ ਤੋਂ ਕੋਈ ਖਰੀਦ ਕਿਉਂ ਕੀਤੀ ਜਾਵੇ? ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਵਿੱਤੀ ਲਾਭ ਕਿਉਂ ਮਿਲਣਾ ਚਾਹੀਦਾ ਹੈ?

ਤੁਸੀਂ ਮਸ਼ੀਨਰੀ ਮੁਫਤ ਕਿਉਂ ਨਹੀਂ ਦਿੰਦੇ?

ਬੈਂਚ ਨੇ ਕਿਹਾ ਕਿ ਸਵਾਲ ਬਹੁਤ ਢੁਕਵੇਂ ਹਨ ਕਿ ਕਿਸਾਨ ਅਜਿਹਾ ਕਿਉਂ ਕਰ ਰਹੇ ਹਨ? ਸੂਬੇ ਸਾਨੂੰ ਇਹ ਜਵਾਬ ਦੇਣ ਦੇ ਸਮਰੱਥ ਨਹੀਂ ਹਨ। ਮਸ਼ੀਨਾਂ ਦੀ ਵੰਡ ਬਾਰੇ ਸੂਬਿਆਂ ਅਤੇ ਕੇਂਦਰ ਦੇ ਵਕੀਲ ਨੂੰ ਬੈਂਚ ਨੇ ਪੁੱਛਿਆ ਕਿ ਉਹ ਇਸ ਨੂੰ 100 ਫੀਸਦੀ ਮੁਫ਼ਤ ਕਿਉਂ ਨਹੀਂ ਕਰ ਦਿੰਦੇ? ਸਿਖਰਲੀ ਅਦਾਲਤ ਨੇ ਕੇਂਦਰ ਨੂੰ ਬਾਜਰੇ ਵਰਗੀਆਂ ਹੋਰ ਬਦਲਵੀਂਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇ ਕੇ ਪੰਜਾਬ ’ਚ ਝੋਨੇ ਦੀ ਖੇਤੀ ਨੂੰ ਪੜਾਅਵਾਰ ਬੰਦ ਕਰਨ ’ਤੇ ਵਿਚਾਰ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News