ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਡਾ. ਅੰਬੇਡਕਰ ਨੂੰ ਦਿੱਤੀ ਸ਼ਰਧਾਂਜਲੀ

04/14/2021 6:17:52 PM

ਹਰਿਆਣਾ (ਭਾਸ਼ਾ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬੁੱਧਵਾਰ ਨੂੰ ਡਾ. ਭੀਮਰਾਵ ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਗਰੀਬਾਂ ਅਤੇ ਵਾਂਝੇ ਲੋਕਾਂ ਦੇ ਵਿਕਾਸ ਲਈ ਲਾ ਦਿੱਤਾ। ਖੱਟੜ ਨੇ ਅੰਬੇਡਕਰ ਦੀ ਜਯੰਤੀ ਮੌਕੇ ਸੋਨੀਪਤ ਦੇ ਰਾਏ ਸਥਿਤ ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਲਾਅ ਯੂਨੀਵਰਸਿਟੀ ਕੰਪਲੈਕਸ ’ਚ ਸਵਾਮੀ ਵਿਵੇਕਾਨੰਦ ਅਤੇ ਮਰਾਠਾ ਰਾਨੀ ਅਹਿਲਆਬਾਈ ਹੋਲਕਰ ਦੇ ਨਾਂ ’ਤੇ ਦੋ ਹੋਸਟਲਾਂ ਦਾ ਵੀਡੀਓ ਕਾਨਫਰੰਸ ਜ਼ਰੀਏ ਉਦਘਾਟਨ ਕੀਤਾ। ਇਨ੍ਹਾਂ ਹੋਸਟਲਾਂ ਦੇ ਨਿਰਮਾਣ ’ਤੇ 17.19 ਕਰੋੜ ਰੁਪਏ ਦੀ ਲਾਗਤ ਆਈ ਹੈ। 

ਮੁੱਖ ਮੰਤਰੀ ਨੇ ਉਦਘਾਟਨ ਸਮਾਰੋਹ ਤੋਂ ਬਾਅਦ ਚੰਡੀਗੜ੍ਹ ਤੋਂ ਇਕ ਵੈਬੀਨਾਰ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਹੋਸਟਲਾਂ ਦਾ ਉਦਘਾਟਨ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਇਨ੍ਹਾਂ ’ਚੋਂ ਇਕ ਹੋਸਟਲ ਕੁੜੀਆਂ ਲਈ ਹੈ, ਜਦਕਿ ਦੂਜਾ ਮੁੰਡਿਆਂ ਲਈ ਹੈ। ਉਨ੍ਹਾਂ ਨੇ ਕਿਹਾ ਕਿ ਅੰਬੇਡਕਰ ਦੇ ਨਾਂ ’ਤੇ ਸਥਿਤ ਯੂਨੀਵਰਸਿਟੀ ਕੰਪਲੈਕਸ ਵਿਚ ਇਨ੍ਹਾਂ ਹੋਸਟਲਾਂ ਜ਼ਰੀਏ ਹਰਿਆਣਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਮੈਨੂੰ ਉਮੀਦ ਹੈ ਕਿ ਇਸ ਸੰਸਥਾ ਤੋਂ ਨਿਕਲਣ ਵਾਲੇ ਵਿਦਿਆਰਥੀ ਡਾ. ਅੰਬੇਡਕਰ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਦਾ ਪਾਲਣ ਕਰਨ, ਉਨ੍ਹਾਂ ਵਲੋਂ ਵਿਖਾਏ ਗਏ ਰਾਹ ਅਤੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ’ਚ ਯੋਗਦਾਨ ਪਾਉਣਗੇ। 

ਖੱਟੜ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਦਿਆਂ ਡਾ. ਅੰਬੇਡਕਰ ਨੇ ਇਕ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਭਾਰਤ ਦੀ ਕਲਪਨਾ ਕੀਤੀ, ਜਿੱਥੇ ਸਾਰਿਆਂ ਨਾਲ ਬਰਾਬਰ ਦਾ ਵਤੀਰਾ ਕੀਤਾ ਜਾਵੇ ਅਤੇ ਬਰਾਬਰ ਅਧਿਕਾਰ ਅਤੇ ਨਿਆਂ ਮਿਲੇ। ਮੁੱਖ ਮਤੰਰੀ ਨੇ ਪਿਛਲੇ 6 ਸਾਲਾਂ ’ਚ ਭਾਜਪਾ ਅਗਵਾਈ ਵਾਲੀ ਸਰਕਾਰ ਵਲੋਂ ਸਮਾਜ ਦੇ ਗਰੀਬ ਅਤੇ ਕਮਜ਼ੋਰ ਵਰਗਾਂ ਦੀ ਉੱਨਤੀ ਲਈ ਚਲਾਈਆਂ ਗਈਆਂ ਵੱਖ-ਵੱਖ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ।


Tanu

Content Editor

Related News