ਘੱਗਰ ਨਦੀ ''ਚ ਨਹਾਉਣ ਗਏ 3 ਮੁੰਡਿਆਂ ਦੀ ਡੁੱਬਣ ਨਾਲ ਮੌਤ, ਪਰਿਵਾਰਾਂ ''ਚ ਪਿਆ ਚੀਕ ਚਿਹਾੜਾ
Monday, May 22, 2023 - 06:07 PM (IST)
ਸਿਰਸਾ- ਹਰਿਆਣਾ ਦੇ ਏਲਨਾਬਾਦ ਦੇ ਪਿੰਡ ਡੋਬਰੀਆ ਕੋਲੋਂ ਲੰਘ ਰਹੀ ਘੱਗਰ ਨਦੀ 'ਚ ਨਹਾਉਣ ਗਏ 3 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਬੱਚਿਆਂ ਦੇ ਨਹਿਰ 'ਚ ਡੁੱਬਣ ਦੀ ਸੂਚਨਾ ਮਿਲਣ ਮਗਰੋਂ ਆਲੇ-ਦੁਆਲੇ ਦੇ ਪਿੰਡ ਵਾਸੀਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਰਸਾ ਦੇ ਨਾਗਰਿਕ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਬਿਊਟੀ ਪਾਰਲਰ 'ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ
ਤਿੰਨਾਂ ਬੱਚਿਆਂ 'ਚੋਂ ਦੋ ਸਕੇ ਭਰਾ ਸਨ
ਤਿੰਨਾਂ ਬੱਚਿਆਂ ਦੇ ਨਾਂ ਜਸਪ੍ਰੀਤ ਸਿੰਘ (15 ਸਾਲ), ਗੁਰਪ੍ਰੀਤ ਸਿੰਘ (12 ਸਾਲ) ਅਤੇ ਗਜਨ ਸਿੰਘ (14 ਸਾਲ) ਦੱਸੇ ਗਏ ਹਨ। ਜਸਪ੍ਰੀਤ ਅਤੇ ਗੁਰਪ੍ਰੀਤ ਸਿੰਘ ਦੋਵੇਂ ਸਕੇ ਭਰਾ ਸਨ ਅਤੇ ਗਜਨ ਉਨ੍ਹਾਂ ਦਾ ਰਿਸ਼ਤੇਦਾਰ ਸੀ। ਤਿੰਨਾਂ ਬੱਚਿਆਂ ਦਾ ਪਰਿਵਾਰ ਮਜ਼ਦੂਰੀ ਕਰਦਾ ਹੈ। ਇਸ ਘਟਨਾ ਮਗਰੋਂ ਦੋਹਾਂ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਹਨ, ਜਿਸ ਕਾਰਨ ਦੋਹਾਂ ਹੀ ਪਰਿਵਾਰਾਂ ਦੇ ਘਰਾਂ ਵਿਚ ਮਾਤਮ ਛਾ ਗਿਆ ਹੈ। ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨ ਦੇ ਆਧਾਰ 'ਤੇ ਰਿਪੋਰਟ ਦਰਜ ਕੀਤੀ ਹੈ।
ਇਹ ਵੀ ਪੜ੍ਹੋ- ਵਾਇਰਲ ਕਾਰਡ ਨੇ ਪਾ 'ਤਾ ਭੜਥੂ, BJP ਆਗੂ ਨੇ ਧੀ ਦਾ ਵਿਆਹ ਕੀਤਾ ਰੱਦ, ਜਾਣੋ ਕੀ ਹੈ ਪੂਰਾ ਮਾਮਲਾ
ਬੱਚੇ ਨਹਾਉਣ ਗਏ ਸਨ ਤਾਂ ਫੋਨ ਆਇਆ ਕਿ ਉਹ ਡੁੱਬ ਗਏ ਹਨ: ਮ੍ਰਿਤਕਾਂ ਦੇ ਪਿਤਾ
ਓਧਰ ਮ੍ਰਿਤਕ ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੱਚੇ ਆਪਣੇ ਇਕ ਸਾਥੀ ਨਾਲ ਘੱਗਰ ਨਦੀ ਵਿਚ ਨਹਾਉਣ ਗਏ ਸਨ ਤਾਂ ਉਨ੍ਹਾਂ ਨੂੰ ਫੋਨ ਆਇਆ ਕਿ ਤਿੰਨੋਂ ਬੱਚੇ ਨਹਿਰ ਵਿਚ ਡੁੱਬ ਗਏ ਹਨ। ਤਿੰਨਾਂ ਬੱਚਿਆਂ ਦੇ ਕੱਪੜੇ ਨਹਿਰ ਦੇ ਬਾਹਰ ਮਿਲੇ ਹਨ। ਮ੍ਰਿਤਕ ਗਜਨ ਸਿੰਘ ਦੇ ਪਿਤਾ ਗੁਰਦਾਸ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦਾ ਭਰਾ ਗਜਨ ਸਿੰਘ ਵੀ ਘੱਗਰ ਨਦੀ ਵਿਚ ਨਹਾਉਣ ਗਿਆ ਹੋਇਆ ਹੈ। ਪੁਲਸ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਘੱਗਰ ਨਦੀ 'ਚ ਨਹਾਉਣ ਲਈ ਤਿੰਨ ਬੱਚੇ ਗਏ ਹੋਏ ਸਨ ਅਤੇ ਨਹਾਉਂਦੇ ਸਮੇਂ ਤਿੰਨਾਂ ਬੱਚੇ ਨਹਿਰ ਵਿਚ ਡੁੱਬ ਗਏ ਹਨ।
ਇਹ ਵੀ ਪੜ੍ਹੋ- ਸ਼ੌਕ ਦਾ ਕੋਈ ਮੁੱਲ ਨਹੀਂ; ਬਜ਼ੁਰਗ ਕੋਲ ਹੈ ਦੁਨੀਆ ਭਰ ਦੀਆਂ ਘੜੀਆਂ ਦਾ ਅਨਮੋਲ ਖਜ਼ਾਨਾ, ਇੰਝ ਪੈਦਾ ਹੋਇਆ ਸ਼ੌਕ