12 ਭੈਣਾਂ ਦਾ ਇਕਲੌਤਾ ਭਰਾ : 24 ਸਾਲਾਂ ਬਾਅਦ ਘਰ 'ਚ ਗੂੰਜੀ ਪੁੱਤ ਦੀ ਕਿਲਕਾਰੀ, ਨਾਂ ਰੱਖਿਆ 'ਦਿਲਖੁਸ਼'
Tuesday, Jan 20, 2026 - 02:54 PM (IST)
ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਕਲਾਂ ਪਿੰਡ ਤੋਂ ਇਕ ਬੇਹੱਦ ਖੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਪਰਿਵਾਰ ਵਿਚ 24 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪੁੱਤਰ ਨੇ ਜਨਮ ਲਿਆ ਹੈ। ਸੁਰਿੰਦਰ ਨਾਮੀ ਵਿਅਕਤੀ ਦੇ ਘਰ ਪੈਦਾ ਹੋਏ ਇਸ ਬੱਚੇ ਨੇ ਨਾ ਸਿਰਫ਼ ਮਾਪਿਆਂ ਦੀ ਝੋਲੀ ਭਰੀ ਹੈ, ਸਗੋਂ 12 ਭੈਣਾਂ ਨੂੰ ਇਕਲੌਤਾ ਭਰਾ ਮਿਲ ਗਿਆ ਹੈ।
9 ਧੀਆਂ ਤੋਂ ਬਾਅਦ ਹੋਇਆ ਪੁੱਤਰ
ਸੁਰਿੰਦਰ ਅਤੇ ਉਸ ਦੀ ਪਤਨੀ ਰੀਤੂ ਦੇ ਵਿਆਹ ਨੂੰ ਲਗਭਗ 23-24 ਸਾਲ ਹੋ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਦੇ ਘਰ 9 ਧੀਆਂ ਨੇ ਜਨਮ ਲਿਆ, ਜਿਨ੍ਹਾਂ 'ਚੋਂ ਸਭ ਤੋਂ ਵੱਡੀ ਧੀ 21 ਸਾਲ ਦੀ ਹੈ ਅਤੇ ਸਭ ਤੋਂ ਛੋਟੀ 3 ਸਾਲ ਦੀ ਹੈ। ਸੁਰਿੰਦਰ ਦੇ ਭਰਾ ਦੀਆਂ ਵੀ ਤਿੰਨ ਧੀਆਂ ਹਨ, ਜਿਸ ਕਾਰਨ ਇਹ ਨਵਜੰਮਿਆ ਬੱਚਾ ਹੁਣ ਕੁੱਲ 12 ਭੈਣਾਂ ਦਾ ਇਕਲੌਤਾ ਭਰਾ ਹੈ।
ਕਿਉਂ ਰੱਖਿਆ 'ਦਿਲਖੁਸ਼' ਨਾਂ?
ਬੱਚੇ ਦੇ ਜਨਮ ਤੋਂ ਬਾਅਦ ਪੂਰੇ ਇਲਾਕੇ ਅਤੇ ਰਿਸ਼ਤੇਦਾਰਾਂ 'ਚ ਜਸ਼ਨ ਦਾ ਮਾਹੌਲ ਹੈ। ਪਰਿਵਾਰ ਨੇ ਬੱਚੇ ਦਾ ਨਾਂ 'ਦਿਲਖੁਸ਼' ਰੱਖਿਆ ਹੈ। ਬੱਚੇ ਦੀ ਭੂਆ ਵੀਨਾ ਨੇ ਦੱਸਿਆ ਕਿ ਪਰਮਾਤਮਾ ਨੇ ਸਾਡਾ ਦਿਲ ਖੁਸ਼ ਕਰ ਦਿੱਤਾ ਹੈ, ਇਸ ਲਈ ਇਹ ਨਾਂ ਚੁਣਿਆ ਗਿਆ ਹੈ। ਪਿਤਾ ਸੁਰਿੰਦਰ ਮੁਤਾਬਕ, ਜਦੋਂ ਵੀ ਧੀ ਹੁੰਦੀ ਸੀ ਤਾਂ ਲੋਕ ਕਹਿੰਦੇ ਸਨ ਕਿ ਰੱਬ ਪੁੱਤਰ ਵੀ ਦੇਵੇਗਾ ਅਤੇ ਹੁਣ ਰੱਬ ਨੇ ਸਭ ਦੀ ਸੁਣ ਲਈ ਹੈ।
ਡਾਕਟਰੀ ਪੱਖੋਂ ਚੁਣੌਤੀਪੂਰਨ ਸੀ ਕੇਸ
ਮਾਂ ਰੀਤੂ ਦੀ ਉਮਰ 38 ਸਾਲ ਹੈ ਅਤੇ ਇਹ ਉਸ ਦੀ 10ਵੀਂ ਡਿਲੀਵਰੀ ਸੀ, ਜਿਸ ਕਾਰਨ ਇਹ ਕੇਸ ਡਾਕਟਰੀ ਤੌਰ 'ਤੇ ਕਾਫ਼ੀ ਚੁਣੌਤੀਪੂਰਨ ਮੰਨਿਆ ਜਾ ਰਿਹਾ ਸੀ। ਉਚਾਨਾ ਦੇ ਸਰਕਾਰੀ ਹਸਪਤਾਲ ਦੇ ਡਾ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਰੀਤੂ ਨੂੰ ਸ਼ਾਮ ਵੇਲੇ ਹਸਪਤਾਲ ਲਿਆਂਦਾ ਗਿਆ ਸੀ ਅਤੇ ਨਾਰਮਲ ਡਿਲੀਵਰੀ ਰਾਹੀਂ ਬੱਚੇ ਦਾ ਜਨਮ ਹੋਇਆ। ਫਿਲਹਾਲ ਮਾਂ ਅਤੇ ਬੱਚਾ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ।
ਭੈਣਾਂ ਦੇ ਨਾਂ ਵੀ ਹਨ ਚਰਚਾ 'ਚ
ਸੁਰਿੰਦਰ ਨੇ ਦੱਸਿਆ ਕਿ ਉਨ੍ਹਾਂ ਦੀਆਂ 9 ਧੀਆਂ ਦੇ ਨਾਂ ਕਲਪਨਾ, ਆਰਤੀ, ਭਾਰਤੀ, ਖੁਸ਼ੀ, ਮਾਨਸੂ, ਰਜਨੀ, ਰਜੀਵ, ਕਾਫ਼ੀ ਅਤੇ ਮਾਫ਼ੀ ਹਨ। ਪਰਿਵਾਰ ਦੀ ਸਭ ਤੋਂ ਵੱਡੀ ਧੀ ਕਲਪਨਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ 22 ਸਾਲਾਂ ਬਾਅਦ ਸਾਡੇ ਘਰ ਛੋਟਾ ਵੀਰ ਆਇਆ ਹੈ ਅਤੇ ਇਸ ਖੁਸ਼ੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

