ਨਿਰਮਾਣ ਅਧੀਨ ਕੰਧ ਸਕੂਲ ਦੀ ਛੱਤ ''ਤੇ ਡਿੱਗੀ, ਵਿਦਿਆਰਥੀ ਜ਼ਖ਼ਮੀ
Sunday, May 24, 2026 - 01:08 PM (IST)
ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਸ਼ਨੀਵਾਰ ਨੂੰ ਇਕ ਨਿਰਮਾਣ ਅਧੀਨ ਇਮਾਰਤ ਦੀ ਕੰਧ ਨੇੜਲੇ ਨਿੱਜੀ ਸਕੂਲ ਦੀ ਛੱਤ 'ਤੇ ਡਿੱਗਣ ਨਾਲ ਯੂਕੇਜੀ ਦੇ ਘੱਟੋ-ਘੱਟ 10 ਵਿਦਿਆਰਥੀ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਹਨ੍ਹੇਰੀ ਕਾਰਨ ਸਕੂਲ ਦੀ ਛੱਤ ਦਾ ਇਕ ਹਿੱਸਾ ਡਿੱਗ ਗਿਆ, ਜਿਸ ਕਾਰਨ ਬੱਚੇ ਮਲਬੇ ਹੇਠ ਦੱਬ ਗਏ। ਇਹ ਘਟਨਾ ਹੰਸ ਮੈਮੋਰੀਅਲ ਸਕੂਲ 'ਚ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਸਕੂਲ 'ਚ ਸੋਮਵਾਰ ਤੋਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ ਅਤੇ ਸ਼ਨੀਵਾਰ ਨੂੰ ਛੁੱਟੀਆਂ ਤੋਂ ਪਹਿਲਾਂ ਕਲਾਸਾਂ ਦਾ ਆਖਰੀ ਦਿਨ ਸੀ। ਪੁਲਸ ਅਨੁਸਾਰ, ਜਦੋਂ ਇਹ ਘਟਨਾ ਵਾਪਰੀ ਤਾਂ ਕਲਾਸ 'ਚ ਲਗਭਗ 13 ਵਿਦਿਆਰਥੀ ਸਨ। ਪੁਲਸ ਨੇ ਕਿਹਾ ਕਿ ਚਾਰ ਵਿਦਿਆਰਥੀਆਂ - ਦੀਪਤੀ, ਦਿਵਿਆ, ਮੀਰਾ ਅਤੇ ਨੰਦੂ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ 6 ਹੋਰਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਪੁਲਸ ਅਨੁਸਾਰ, ਸਾਰੇ ਜ਼ਖਮੀ ਵਿਦਿਆਰਥੀਆਂ ਨੂੰ ਤੁਰੰਤ ਇਲਾਜ ਲਈ ਬੀ.ਕੇ. ਹਸਪਤਾਲ ਲਿਜਾਇਆ ਗਿਆ। ਸਕੂਲ ਸਟਾਫ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ, ਵਿਦਿਆਰਥੀਆਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ। ਘਟਨਾ ਤੋਂ ਬਾਅਦ, ਵਿਦਿਆਰਥੀਆਂ ਦੇ ਪਰਿਵਾਰ ਪਹਿਲਾਂ ਸਕੂਲ ਅਤੇ ਫਿਰ ਹਸਪਤਾਲ ਪਹੁੰਚੇ। ਪੁਲਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਸ ਨੇ ਦੱਸਿਆ ਕਿ ਦੀਪਾਂਸ਼ੂ ਨਾਮ ਦਾ ਇਕ ਵਿਅਕਤੀ ਚਾਰ ਮੰਜ਼ਿਲਾ ਇਮਾਰਤ ਬਣਾ ਰਿਹਾ ਸੀ ਅਤੇ ਉਸ ਨੇ ਬਿਨਾਂ ਥੰਮ੍ਹਾਂ ਦੇ ਚਾਰ ਇੰਚ ਦੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਸਨ। ਸਕੂਲ ਪ੍ਰਬੰਧਨ ਨੇ ਵਾਰ-ਵਾਰ ਸੁਰੱਖਿਆ ਉਪਾਵਾਂ ਦੀ ਬੇਨਤੀ ਕੀਤੀ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ,"ਅਸੀਂ ਉਸਾਰੀ ਦੇ ਕੰਮ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਜਾਜ਼ਤ ਲਈ ਗਈ ਸੀ ਜਾਂ ਨਹੀਂ। ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
