ਫਰੀਦਾਬਾਦ ਟੀਚਰ ਕਤਲਕਾਂਡ : ਦੋਸ਼ੀ ਨੇ 2 ਮਹੀਨੇ ਪਹਿਲਾਂ ਰਚੀ ਸੀ ਸਾਜਿਸ਼, ਵਾਰਦਾਤ ਲਈ ਖਰੀਦਿਆ ਸੀ ਚਾਕੂ

Wednesday, Aug 05, 2026 - 02:23 PM (IST)

ਫਰੀਦਾਬਾਦ ਟੀਚਰ ਕਤਲਕਾਂਡ : ਦੋਸ਼ੀ ਨੇ 2 ਮਹੀਨੇ ਪਹਿਲਾਂ ਰਚੀ ਸੀ ਸਾਜਿਸ਼, ਵਾਰਦਾਤ ਲਈ ਖਰੀਦਿਆ ਸੀ ਚਾਕੂ

ਫਰੀਦਾਬਾਦ- ਫਰੀਦਾਬਾਦ ਦੇ ਇਕ ਨਿੱਜੀ ਸਕੂਲ 'ਚ ਇਕ ਅਧਿਆਪਕ ਦੇ ਕਤਲ ਦੇ ਦੋਸ਼ੀ 21 ਸਾਲਾ ਅਮਿਤ ਨੇ ਲਗਭਗ 2 ਮਹੀਨੇ ਪਹਿਲਾਂ ਇਸ ਅਪਰਾਧ ਦੀ ਸਾਜ਼ਿਸ਼ ਰਚੀ ਸੀ ਅਤੇ ਇਸ ਅਪਰਾਧ ਲਈ ਖਾਸ ਤੌਰ 'ਤੇ ਇਕ ਚਾਕੂ ਖਰੀਦਿਆ ਸੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਦੋਸ਼ੀ ਕਾਫ਼ੀ ਸਮੇਂ ਤੋਂ ਸੰਧਿਆ ਸ਼ਰਮਾ (28) 'ਤੇ ਹਮਲਾ ਕਰਨ ਦਾ ਮੌਕਾ ਲੱਭ ਰਿਹਾ ਸੀ।

ਪੁਲਸ ਦੇ ਅਨੁਸਾਰ, ਸੋਮਵਾਰ ਨੂੰ ਹੋਏ ਇਸ ਹਮਲੇ 'ਚ ਦੋਸ਼ੀ ਨੇ ਸੰਧਿਆ ਦੀ ਗਰਦਨ ਅਤੇ ਛਾਤੀ 'ਤੇ 27 ਤੋਂ ਵੱਧ ਵਾਰ ਲਗਾਤਾਰ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਕਥਿਤ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਪੁਲਸ ਨੇ ਦੱਸਿਆ ਕਿ ਅਮਿਤ ਸੰਧਿਆ ਸ਼ਰਮਾ ਨੂੰ ਪਸੰਦ ਕਰਦਾ ਸੀ, ਪਰ ਉਹ ਉਸ ਨੂੰ ਨਹੀਂ ਚਾਹੁੰਦੀ ਸੀ। ਸੰਧਿਆ ਨੇ ਪਹਿਲਾਂ ਅਮਿਤ ਵਿਰੁੱਧ ਛੇੜਛਾੜ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਸ ਨੇ ਮੁਆਫੀ ਮੰਗ ਲਈ ਸੀ।

ਜਾਂਚਕਰਤਾਵਾਂ ਦੇ ਅਨੁਸਾਰ, ਦੋਸ਼ੀ ਸੰਧਿਆ ਤੋਂ ਬਹੁਤ ਨਾਰਾਜ਼ ਸੀ ਕਿਉਂਕਿ ਉਸ ਨੇ ਆਪਣਾ ਸਕੂਲ ਅਤੇ ਰਿਹਾਇਸ਼ ਦੋਵੇਂ ਬਦਲ ਲਏ ਸਨ। ਪੁਲਸ ਦੇ ਅਨੁਸਾਰ, ਅਮਿਤ ਸਵੇਰੇ 9:30 ਵਜੇ ਦੇ ਕਰੀਬ ਸਿਕਰੋਨਾ ਪਿੰਡ ਦੇ ਸਕੂਲ ਪਹੁੰਚਿਆ ਅਤੇ ਉਸ ਨੇ ਸੰਧਿਆ ਨੂੰ ਉਸ ਦੇ ਪਤੀ ਦਾ ਨਾਂ ਲੈ ਕੇ ਜਮਾਤ ਤੋਂ ਬਾਹਰ ਬੁਲਾਇਆ। ਉਸ ਨੇ ਦੱਸਿਆ ਕਿ ਜਿਵੇਂ ਹੀ ਸੰਧਿਆ ਬਾਹਰ ਆਈ, ਦੋਸ਼ੀ ਨੇ ਉਸ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਹਮਲੇ ਦੇ 2 ਘੰਟਿਆਂ ਦੇ ਅੰਦਰ ਕੋਟ ਪਿੰਡ ਦੇ ਰਹਿਣ ਵਾਲੇ ਅਮਿਤ ਨੂੰ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਇਕ ਸਥਾਨਕ ਅਦਾਲਤ ਨੇ ਮੰਗਲਵਾਰ ਨੂੰ ਉਸ ਨੂੰ ਤਿੰਨ ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ।

ਪੁਲਸ ਅਨੁਸਾਰ, ਪੁੱਛਗਿੱਛ ਦੌਰਾਨ ਦੋਸ਼ੀ ਨੇ ਕਿਹਾ ਕਿ ਉਸ ਨੇ ਸ਼ੁਰੂ 'ਚ ਸੰਧਿਆ 'ਤੇ ਸਕੂਲ ਜਾਂਦੇ ਸਮੇਂ ਹਮਲਾ ਕਰਨ ਦੀ ਯੋਜਨਾ ਬਣਾਈ ਸੀ, ਪਰ ਫੜੇ ਜਾਣ ਦੇ ਡਰੋਂ ਯੋਜਨਾ ਨੂੰ ਛੱਡ ਦਿੱਤਾ। ਫਿਰ ਉਸ ਨੇ ਸਕੂਲ 'ਚ ਦਾਖਲ ਹੋ ਕੇ ਅਪਰਾਧ ਨੂੰ ਅੰਜਾਮ ਦੇਣ ਦਾ ਫੈਸਲਾ ਕੀਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,"ਦੋਸ਼ੀ ਇੰਨਾ ਗੁੱਸੇ 'ਚ ਸੀ ਕਿ ਉਹ ਚਾਕੂ ਦੇ ਮੁੜ ਜਾਣ ਤੋਂ ਬਾਅਦ ਵੀ ਹਮਲਾ ਕਰਦਾ ਰਿਹਾ।" ਉਸ ਨੇ ਇਹ ਵੀ ਕਿਹਾ ਕਿ ਕਤਲ 'ਚ ਇਸਤੇਮਾਲ ਹਥਿਆਰ ਜ਼ਬਤ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੇ ਮੋਟਰਸਾਈਕਲ ਅਤੇ ਉਸ ਦੇ ਕੱਪੜੇ ਬਰਾਮਦ ਕਰਨ ਦੀ ਕੋਸ਼ਿਸ਼ ਜਾਰੀ ਹੈ।

ਪੁਲਸ ਨੇ ਦੱਸਿਆ ਕਿ ਹਮਲਾ ਸਕੂਲ ਦੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਿਆ ਹੈ। ਉਸ ਨੇ ਕਿਹਾ ਕਿ ਦੋਸ਼ੀ ਨੇ ਹਮਲੇ ਦੌਰਾਨ ਵਿਚ-ਬਚਾਅ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਕਰਮਚਾਰੀ ਨੂੰ ਵੀ ਧਮਕਾਇਆ। ਸੰਧਿਆ ਦੇ ਪਤੀ ਵਿੱਕੀ ਗੁੱਜਰ ਦੇ ਅਨੁਸਾਰ, ਸੰਧਿਆ ਸਿਰੋਹੀ ਪਿੰਡ ਦੇ ਇਕ ਸਕੂਲ 'ਚ ਪੜ੍ਹਾਉਂਦੀ ਸੀ, ਜਿੱਥੇ ਉਸ ਦੀ ਮੁਲਾਕਾਤ ਅਮਿਤ ਨਾਲ ਹੋਈ ਸੀ। ਗੁੱਜਰ ਨੇ ਕਿਹਾ ਕਿ ਜੇਕਰ ਪੁਲਸ ਨੇ ਛੇੜਛਾੜ ਦੀ ਪਹਿਲਾਂ ਦੀ ਸ਼ਿਕਾਇਤ 'ਤੇ ਸਖ਼ਤ ਕਾਰਵਾਈ ਕੀਤੀ ਹੁੰਦੀ, ਤਾਂ ਸੰਧਿਆ ਅੱਜ ਜਿਉਂਦੀ ਹੁੰਦੀ। ਫਿਰੋਜ਼ਪੁਰ ਪਿੰਡ ਦੇ ਰਹਿਣ ਵਾਲੇ ਗੁੱਜਰ ਅਤੇ ਡੱਬੂਆ ਇਲਾਕੇ ਦੀ ਰਹਿਣ ਵਾਲੀ ਸੰਧਿਆ ਦਾ ਪ੍ਰੇਮ ਵਿਆਹ ਹੋਇਆ ਸੀ। ਇਸ ਜੋੜੇ ਦੇ 2 ਬੱਚੇ ਹਨ। ਪੁਲਸ ਦੇ ਅਨੁਸਾਰ, ਦੋਸ਼ੀ ਅਮਿਤ ਤਿੰਨ ਭਰਾਵਾਂ 'ਚੋਂ ਸਭ ਤੋਂ ਛੋਟਾ ਹੈ। ਉਸ ਦੇ ਦੋਵੇਂ ਭਰਾ ਵੱਖ-ਵੱਖ ਹਸਪਤਾਲਾਂ 'ਚ ਨੌਕਰੀ ਕਰਦੇ ਹਨ। ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਅਮਿਤ ਮੱਝਾਂ ਪਾਲ ਕੇ ਅਤੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News