ਠੰਡ ਅਤੇ ਸੀਤ ਲਹਿਰ ਦਾ ਕਹਿਰ, ਇਨ੍ਹਾਂ ਜ਼ਿਲ੍ਹਿਆਂ ''ਚ ਮੀਂਹ ਦਾ ਅਲਰਟ
Saturday, Jan 18, 2025 - 04:03 PM (IST)
ਹਿਸਾਰ- ਹਰਿਆਣਾ 'ਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲ ਰਿਹਾ ਹੈ। ਪੱਛਮੀ ਗੜਬੜੀ ਕਾਰਨ ਵਾਤਾਵਰਣ ਵਿਚ ਨਮੀ ਵਧੀ ਹੈ। ਇਸ ਨਾਲ ਸਵੇਰੇ ਅਤੇ ਸ਼ਾਮ ਵਿਚ ਸੰਘਣੀ ਧੁੰਦ ਛਾ ਰਹੀ ਹੈ। ਮੌਸਮ ਵਿਭਾਗ ਨੇ ਅੱਜ 8 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਇਨ੍ਹਾਂ ਵਿਚ ਹਿਸਾਰ, ਜੀਂਦ, ਕੈਥਲ, ਕੁਰੂਕਸ਼ੇਤਰ, ਕਰਨਾਲ, ਪਾਨੀਪਤ, ਸੋਨੀਪਤ ਅਤੇ ਰੋਹਤਕ ਸ਼ਾਮਲ ਹਨ।
ਉੱਥੇ ਹੀ ਪ੍ਰਦੇਸ਼ ਦੇ ਬਾਕੀ ਜ਼ਿਲ੍ਹਿਆਂ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਅਗਲੇ 2 ਦਿਨ ਬੱਦਲ ਛਾਏ ਰਹਿਣਗੇ ਅਤੇ ਸੰਘਣੀ ਧੁੰਦ ਰਹੇਗੀ। ਇਸ ਤੋਂ ਬਾਅਦ 21 ਅਤੇ 22 ਜਨਵਰੀ ਨੂੰ ਪੂਰੇ ਪ੍ਰਦੇਸ਼ ਵਿਚ ਮੀਂਹ ਪੈਣ ਦੇ ਆਸਾਰ ਹਨ। ਹਰਿਆਣਾ ਵਿਚ ਜ਼ਿਆਦਾਤਰ ਸ਼ਹਿਰਾਂ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਹੈ। ਹਿਸਾਰ ਸਭ ਤੋਂ ਠੰਡਾ ਰਿਹਾ ਹੈ। ਉੱਥੇ ਹੀ ਰੋਹਤਕ ਵਿਚ ਵੀ ਤਾਪਮਾਨ ਵਿਚ ਜ਼ਿਆਦਾ ਗਿਰਾਵਟ ਦਰਜ ਕੀਤਾ ਗਿਆ, ਜਿੱਥੇ ਤਾਪਮਾਨ 7 ਡਿਗਰੀ ਘੱਟ ਰਿਹਾ ਹੈ।
ਹਿਸਾਰ ਸਥਿਤ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ (HAU), ਹਿਸਾਰ ਦੇ ਖੇਤੀਬਾੜੀ ਮੌਸਮ ਵਿਭਾਗ ਦੇ ਮੁਖੀ ਡਾ: ਮਦਨ ਖਿਚੜ ਨੇ ਦੱਸਿਆ ਕਿ ਅਗਲੇ 2 ਦਿਨਾਂ ਤੱਕ ਪੂਰੇ ਸੂਬੇ 'ਚ ਧੁੰਦ ਛਾਈ ਰਹੇਗੀ। ਮੌਸਮ ਆਮ ਤੌਰ 'ਤੇ ਖੁਸ਼ਕ ਰਹੇਗਾ ਅਤੇ 10-15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰੀ ਅਤੇ ਉੱਤਰ-ਪੱਛਮੀ ਠੰਡੀਆਂ ਹਵਾਵਾਂ ਚੱਲਣ ਕਾਰਨ ਰਾਤ ਦੇ ਤਾਪਮਾਨ ਵਿਚ 2-3 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ।