ਭਾਜਪਾ ਸੰਸਦ ਮੈਂਬਰ ਜਾਂਗੜਾ ਖ਼ਿਲਾਫ FIR ਦਰਜ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ

Saturday, Nov 06, 2021 - 01:11 PM (IST)

ਭਾਜਪਾ ਸੰਸਦ ਮੈਂਬਰ ਜਾਂਗੜਾ ਖ਼ਿਲਾਫ FIR ਦਰਜ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ

ਹਿਸਾਰ— ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚ ਕਿਸਾਨ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਖ਼ਿਲਾਫ਼ ਨਾਰਨੌਂਦ ਪੁਲਸ ਸਟੇਸ਼ਨ ਦੇ ਬਾਹਰ ਸ਼ੁੱਕਰਵਾਰ ਰਾਤ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਜਾਂਗੜਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕਰ ਰਹੇ ਹਨ। ਸਥਾਨਕ ਕਿਸਾਨ ਆਗੂ ਰਵੀ ਆਜ਼ਾਦ ਨੇ ਦੋਸ਼ ਲਾਇਆ ਕਿ ਭਾਜਪਾ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੁਲਦੀਪ ਰਾਣਾ ਨਾਂ ਦੇ ਇਕ ਕਿਸਾਨ ’ਤੇ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਥਾਣੇ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੇ ਪੁਲਸ ਨੂੰ ਭਾਜਪਾ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਉਨ੍ਹਾਂ ਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ ਹੈ।

ਕਿਸਾਨ ਆਗੂ ਨੇ ਕਿਹਾ ਕਿ ਸਾਡੀ ਮੰਗ ਬਿਲਕੁੱਲ ਸਪੱਸ਼ਟ ਹੈ। ਅਸੀਂ ਚਾਹੁੰਦੇ ਹਾਂ ਕਿ ਕਿਸਾਨ ’ਤੇ ਹਮਲਾ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਰਵੀ ਆਜ਼ਾਦ ਨੇ ਕਿਹਾ ਕਿ ਤਿੰਨ ਕਿਸਾਨਾਂ ਖ਼ਿਲਾਫ਼ ਜੋ ਝੂਠੇ ਮਾਮਲੇ ਦਰਜ ਹੋਏ ਹਨ, ਉਨ੍ਹਾਂ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਕੱਲ੍ਹ ਰਾਤ ਤੋਂ ਇੱਥੇ ਪ੍ਰਦਰਸ਼ਨ ਕਰ ਰਹੇ ਹਨ। ਮੈਂ ਕਿਸਾਨਾਂ ਤੋਂ ਵੱਡੀ ਗਿਣਤੀ ’ਚ ਆਉਣ ਦੀ ਅਪੀਲ ਕਰਦਾ ਹਾਂ। 

ਦੱਸਣਯੋਗ ਹੈ ਕਿ ਭਾਜਪਾ ਸੰਸਦ ਮੈਂਬਰ ਵਲੋਂ ਰੋਹਤਕ ’ਚ ਕਿਸਾਨਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਤੋਂ ਬਾਅਦ ਹਿਸਾਰ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਸ਼ੁੱਕਰਵਾਰ ਨੂੰ ਨਾਰਨੌਂਦ ਵਿਚ ਇਕ ਪ੍ਰੋਗਰਾਮ ਲਈ ਪਹੁੰਚੇ ਜਾਂਗੜਾ ਨੂੰ ਕਾਲੇ ਝੰਡੇ ਵਿਖਾਏ ਗਏ ਅਤੇ ਉਨ੍ਹਾਂ ਦੀ ਕਾਰ ’ਚ ਭੰਨ-ਤੋੜ ਕੀਤੀ ਗਈ। ਬੀਤੇ ਦਿਨ ਜਾਂਗੜਾ ਇਕ ਪ੍ਰੋਗਰਾਮ ’ਚ ਸ਼ਿਰਕਤ ਕਰਨ ਲਈ ਪੁੱਜੇ ਸਨ, ਜਿਸ ਦਾ ਕਿਸਾਨ ਵਿਰੋਧ ਕਰਨ ਪੁੱਜੇ ਸਨ। 


author

Tanu

Content Editor

Related News