ਲੌਂਗੋਵਾਲ ਸਕੂਲ ਵੈਨ ਹਾਦਸਾ : ਹਰਸਿਮਰਤ ਨੇ ਜ਼ਾਹਰ ਕੀਤਾ ਦੁੱਖ, ਪੰਜਾਬ ਸਰਕਾਰ ਨੂੰ ਕੀਤੀ ਅਪੀਲ
Saturday, Feb 15, 2020 - 06:41 PM (IST)

ਨਵੀਂ ਦਿੱਲੀ— ਕੇਂਦਰੀ ਫੂਡ ਪ੍ਰੋਸੈਸਿਗ ਮੰਤਰੀ ਅਤੇ ਬਠਿੰਡਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੌਂਗੋਵਾਲ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਸਕੂਲ ਵੈਨ 'ਚ 4 ਬੱਚਿਆਂ ਦੀ ਦੁਖਦਾਈ ਮੌਤਾਂ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇਸ ਖ਼ਬਰ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਮੇਰੀ ਹਮਦਰਦੀ ਦੁਖੀ ਪਰਿਵਾਰਾਂ ਨਾਲ ਹੈ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੁਆ ਦਿੱਤਾ। ਮੈਂ ਕਾਮਨਾ ਕਰਦੀ ਹਾਂ ਕਿ ਜ਼ਖਮੀ ਛੇਤੀ ਤੋਂ ਛੇਤੀ ਠੀਕ ਹੋ ਜਾਣ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕਰਦੀ ਹਾਂ।
ਦੱਸਣਯੋਗ ਹੈ ਕਿ ਲੌਂਗੋਵਾਲ 'ਚ ਇਕ ਪ੍ਰਾਈਵੇਟ ਸਕੂਲ ਦੀ ਵੈਨ ਅੱਗ ਦੀ ਲਪੇਟ 'ਚ ਆ ਗਈ, ਜਿਸ ਕਾਰਨ 4 ਮਾਸੂਮ ਬੱਚੇ ਜਿਊਂਦੇ ਸੜ ਗਏ। ਵੈਨ 'ਚ ਕੁੱਲ 12 ਬੱਚੇ ਸਵਾਰ ਸਨ, ਜਿਨ੍ਹਾਂ 'ਚੋਂ 8 ਨੂੰ ਖੇਤਾਂ 'ਚ ਕੰਮ ਕਰਦੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਚਾ ਲਿਆ। ਮਰਨ ਵਾਲੇ ਬੱਚਿਆਂ ਦੀ ਉਮਰ 4 ਤੋਂ 5 ਸਾਲ ਤਕ ਦੱਸੀ ਜਾ ਰਹੀ ਹੈ।