ਹਰੀਸ਼ ਦਿਵੇਦੀ ਤੇ ਸਮ੍ਰਿਤੀ ਇਰਾਨੀ ਯੂ.ਪੀ. ਤੋਂ ਰਾਜ ਸਭਾ ਲਈ ਸਭ ਤੋਂ ਅੱਗੇ
Wednesday, Sep 30, 2026 - 09:29 AM (IST)
ਭਾਜਪਾ ਹਾਈ ਕਮਾਨ ਵੱਲੋਂ 2 ਸਾਲਾਂ ਬਾਅਦ ਹੋਣ ਵਾਲੀਆਂ ਰਾਜ ਸਭਾ ਦੀਆਂ ਚੋਣਾਂ ਲਈ ਉੱਤਰ ਪ੍ਰਦੇਸ਼ ਦੀਆਂ 10 ’ਚੋਂ 8 ਸੀਟਾਂ ਲਈ ਉਮੀਦਵਾਰਾਂ ਨੂੰ 16 ਅਕਤੂਬਰ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਹੈ। ਉਮੀਦਵਾਰਾਂ ਦਾ ਮੁੱਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਮੁਖੀ ਨਿਤਿਨ ਨਬੀਨ ਦੇ ਨਾਲ ਹੀ ਜੇ. ਪੀ. ਨੱਡਾ ਤੇ ਹੋਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਉੱਠਿਆ।
ਅਫਵਾਹ ਹੈ ਕਿ ਭਾਜਪਾ ਦੇ 2 ਜਨਰਲ ਸਕੱਤਰ ਸਮ੍ਰਿਤੀ ਇਰਾਨੀ ਤੇ ਹਰੀਸ਼ ਦਿਵੇਦੀ ਰਾਜ ਸਭਾ ’ਚ ਜਾਣ ਲਈ ਸਭ ਤੋਂ ਅੱਗੇ ਹਨ। ਸਮ੍ਰਿਤੀ ਇਰਾਨੀ ਜੋ ਅਮੇਠੀ ਤੋਂ 2024 ਦੀ ਲੋਕ ਸਭਾ ਚੋਣ ਹਾਰ ਗਈ ਸੀ, ਲੰਬੇ ਸਮੇ ਤੋਂ ਸਿਆਸਤ ਤੋਂ ਦੂਰ ਸੀ ਅਤੇ ਪਿਛਲੇ ਮਹੀਨੇ ਹੀ ਵਾਪਸ ਆਈ ਹੈ। ਹਰੀਸ਼ ਦਿਵੇਦੀ ਬਸਤੀ ਲੋਕ ਸਭਾ ਸੀਟ ਤੋਂ ਹਾਰ ਗਏ ਸਨ। ਨਵੇਂ ਨਿਯੁਕਤ ਉਪ-ਪ੍ਰਧਾਨ ਰਾਮ ਮਾਧਵ ਵੀ ਟਿਕਟ ਦੀ ਉਮੀਦ ਕਰ ਰਹੇ ਹਨ। ਉਹ ਪਾਰਟੀ ਦੇ ਇਕ ਸੀਨੀਅਰ ਨੇਤਾ ਹਨ ਅਤੇ ਦਹਾਕਾ ਪਹਿਲਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਬੁਲਾਰੇ ਸਨ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦਾ ਰਾਜ ਸਭਾ ਦੇ ਮੈਂਬਰ ਵਜੋਂ ਕਾਰਜਕਾਲ ਵੀ ਖਤਮ ਹੋ ਰਿਹਾ ਹੈ। ਉਹ ਮੋਦੀ ਕੈਬਨਿਟ ’ਚ ਇਕਲੌਤੇ ਸਿੱਖ ਮੰਤਰੀ ਹਨ ਤੇ ਪ੍ਰਧਾਨ ਮੰਤਰੀ ਵੱਲੋਂ ਮੰਤਰੀਆਂ ਲਈ ‘ਵਿਕਸਤ ਭਾਰਤ’ ਪ੍ਰੋਗਰਾਮ ਲਈ ਬਣਾਏ ਗਏ 8 ਗਰੁੱਪਾਂ ਚੋਂ ਇਕ ਦੀ ਅਗਵਾਈ ਕਰ ਰਹੇ ਹਨ। ਵਰੁਣ ਗਾਂਧੀ ਜਿਨ੍ਹਾਂ ਨੂੰ 2024 ’ਚ ਲੋਕ ਸਭਾ ਦੀ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਨੂੰ ਵੀ ਇਸ ਅਹੁਦੇ ਲਈ ਵਿਚਾਰਿਆ ਜਾ ਰਿਹਾ ਹੈ।
ਕਿਉਂਕਿ ਉੱਤਰ ਪ੍ਰਦੇਸ਼ ’ਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ, ਇਸ ਲਈ ਹਾਈ ਕਮਾਨ ਨੂੰ ਵੱਖ-ਵੱਖ ਜਾਤੀਆਂ ਤੇ ਭਾਈਚਾਰਿਆਂ ਨੂੰ ਇੱਕਠਾ ਕਰਨ ’ਤੇ ਵਿਚਾਰ ਕਰਨਾ ਪਵੇਗਾ। ਭਾਜਪਾ ਦੇ ਸਾਬਕਾ ਜਨਰਲ ਸਕੱਤਰ ਅਰੁਣ ਸਿੰਘ ਤੇ ਸੀਮਾ ਦਿਵੇਦੀ ਨੂੰ ਦੁਬਾਰਾ ਨਾਮਜ਼ਦ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ।
ਹੋਰ ਸੇਵਾਮੁਕਤ ਹੋ ਰਹੇ ਭਾਜਪਾ ਦੇ ਰਾਜ ਸਭਾ ਮੈਂਬਰਾਂ ’ਚ ਸਵਰਗੀ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਸਪੁੱਤਰ ਨੀਰਜ ਸ਼ੇਖਰ, ਬੀ. ਐੱਲ. ਵਰਮਾ, ਗੀਤਾ ਸ਼ਾਕਿਆ ਤੇ ਬ੍ਰਿਜ ਲਾਲ ਹਨ। ਬਾਕੀ 2 ਸੀਟਾਂ ਦੇ ਸਮਾਜਵਾਦੀ ਪਾਰਟੀ ਵੱਲੋਂ ਜਿੱਤਣ ਦੀ ਸੰਭਾਵਨਾ ਹੈ। ਬਸਪਾ ਰਾਜ ਸਭਾ ਤੋਂ ਬਾਹਰ ਹੋ ਜਾਵੇਗੀ।
