ਐੱਨ.ਸੀ.ਪੀ. ਅਮਿਤ ਸ਼ਾਹ ਲਈ ਬਣੀ ਸਿਰਦਰਦ

Saturday, Nov 28, 2026 - 11:31 AM (IST)

ਐੱਨ.ਸੀ.ਪੀ. ਅਮਿਤ ਸ਼ਾਹ ਲਈ ਬਣੀ ਸਿਰਦਰਦ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਮਹਾਰਾਸ਼ਟਰ ’ਚ ਇਕ ਸਿਆਸੀ ਬੁਝਾਰਤ ਹੈ ਕਿ ‘2 ਐੱਨ.ਸੀ.ਪੀ.’ ਨੂੰ ਨਾਰਾਜ਼ ਕੀਤੇ ਬਿਨਾਂ ਕਿਵੇਂ ਸਭ ਕੁਝ ਐਡਜਸਟ ਕੀਤਾ ਜਾਵੇ। ਸੁਨੇਤਰਾ ਪਵਾਰ ਦੀ ਅਗਵਾਈ ਵਾਲੀ ਐੱਨ.ਸੀ.ਪੀ. ਰਾਜਗ ਦਾ ਹਿੱਸਾ ਹੈ ਜਦੋਂ ਕਿ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ.ਸੀ.ਪੀ. ਇਕ ਵਾਰ ਫਿਰ ਭਾਜਪਾ ਨਾਲ ਕੰਮ ਕਰਨ ਲਈ ਤਿਆਰ ਹੈ।

ਇਹ ਮੁੱਦਾ ਸ਼ਾਹ ਲਈ ਸਿਰਦਰਦ ਬਣ ਗਿਆ ਹੈ। ਉਨ੍ਹਾਂ ਦੋਵਾਂ ਧੜਿਆਂ ਦੇ ਨੇਤਾਵਾਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਹੈ। ਪੁਣੇ ਦੇ ਆਪਣੇ ਤਾਜ਼ਾ 2 ਦਿਨਾਂ ਦੌਰੇ ਦੌਰਾਨ ਸ਼ਾਹ ਨੇ ਸੁਨੇਤਰਾ ਪਵਾਰ ਨਾਲ ਇਕ ਦਿਨ ’ਚ 2 ਵਾਰ ਗੱਲਬਾਤ ਕੀਤੀ, ਜੋ ਆਪਣੇ ਆਪ ’ਚ ਇਕ ਦੁਰਲੱਭ ਘਟਨਾ ਸੀ। ਪਹਿਲੀ ਮੁਲਾਕਾਤ ਸੰਖੇਪ ਸੀ, ਜਦੋਂ ਕਿ ਦੂਜੀ ਲੰਬੀ ਸੀ। ਇਹ ਜੇ.ਐੱਸ. ਡਬਲਿਊ. ਮੈਰੀਅਟ ਵਿਖੇ ਹੋਈ ਸੀ।

ਉਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਤੇ ਰਾਜ ਸਭਾ ਦੇ ਮੈਂਬਰ ਪਾਰਥ ਪਵਾਰ ਵੀ ਸਨ। ਇਨ੍ਹਾਂ ਮੁਲਾਕਾਤਾਂ ਦੇ ਵਾਰ-ਵਾਰ ਹੋਣ ਕਾਰਨ ਪਵਾਰ ਪਰਿਵਾਰ ਦੇ ਸਿਆਸੀ ਸਮੀਕਰਨਾਂ ਦੇ ਭਵਿੱਖ ਬਾਰੇ ਕਿਆਸਅਰਾਈਆਂ ਨੂੰ ਹਵਾ ਮਿਲੀ ਹੈ।

ਸੁਨੇਤਰਾ ਸ਼ਰਦ ਪਵਾਰ ਦੇ ਧੜੇ ਨਾਲ ਰਲੇਵੇਂ ਦਾ ਵਿਰੋਧ ਕਰ ਰਹੀ ਹੈ। ਅਜੀਤ ਪਵਾਰ ਦੇ ਹੁਣ ਦੁਨੀਆ ’ਚ ਨਾ ਹੋਣ ਕਾਰਨ ਸ਼ਰਦ ਪਵਾਰ ਵਰਗੇ ਤਜਰਬੇਕਾਰ ਨੇਤਾ ਲਈ ਆਪਣੀ ਪਾਰਟੀ ਦੀ ਪਛਾਣ ਤੇ ਲੀਡਰਸ਼ਿਪ ਨੂੰ ਖਤਰੇ ’ਚ ਪਾਉਣਾ ਖਾਸ ਤੌਰ 'ਤੇ ਫਾਇਦੇਮੰਦ ਨਹੀਂ ਹੈ।

ਭਾਜਪਾ ਸ਼ਰਦ ਪਵਾਰ ਦੇ 8 ਲੋਕ ਸਭਾ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਰਨ ਲਈ ਬੇਤਾਬ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ’ਚੋਂ 6 ਨੇ ਭਾਜਪਾ ਨਾਲ ਗੱਠਜੋੜ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸ ਕਾਰਨ ਇਸ ਗੱਲ ਦੀ ਸੰਭਾਵਨਾ ਵਧ ਗਈ ਹੈ ਕਿ ਤ੍ਰਿਣਮੂਲ ਕਾਂਗਰਸ ’ ਵਾਂਗ ਪਾਰਟੀ ਦੇ ਅੰਦਰ ਵੀ ਫੁੱਟ ਪੈ ਸਕਦੀ ਹੈ।

ਹੁਣ ਇਕ ਵਿਚਕਾਰਲਾ ਰਾਹ ਲੱਭਿਆ ਜਾ ਰਿਹਾ ਹੈ। ਐੱਨ. ਸੀ. ਪੀ. (ਸ਼ਰਦ) ਤੁਰੰਤ ਸ਼ਾਮਲ ਹੋਏ ਬਿਨਾਂ ਜ਼ਰੂਰੀ ਕਾਨੂੰਨ ’ਤੇ ਰਾਜਗ ਦਾ ਸਮਰਥਨ ਕਰ ਸਕਦੀ ਹੈ। ਇਸ ’ਚ ਸ਼ਾਮਲ ਹੋਣ ਦਾ ਸਮਾਂ ਸ਼ਰਦ ਪਵਾਰ 'ਤੇ ਛੱਡ ਸਕਦੀ ਹੈ।

ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸ਼ਰਦ ਪਵਾਰ ਨੂੰ ਸੁਪ੍ਰਿਆ ਸੁਲੇ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਉਨ੍ਹਾਂ ਦੇ ਨਾਲ ਦੇਸ਼ ਦੀ ਸੇਵਾ ਕਰੇਗੀ। ਸ਼ਾਹ ਲਈ ਚੁਣੌਤੀ ਦੋਵਾਂ ਐੱਨ.ਸੀ.ਪੀ. ਨੂੰ ਇਕੋ ਸਿਆਸੀ ਘੇਰੇ (ਰਾਜਗ) ’ਚ ਲਿਆਉਣਾ ਹੈ ਜਦੋਂ ਕਿ ਇਹ ਵੀ ਯਕੀਨੀ ਬਣਾਉਣਾ ਹੈ ਕਿ ਇਕ ਧੜਾ ਦੂਜੇ ਨੂੰ ਪੂਰੀ ਤਰ੍ਹਾਂ ਨਿਗਲ ਨਾ ਜਾਵੇ।


author

Harpreet SIngh

Content Editor

Related News