ਜਲਦ ਹੀ ਭਾਜਪਾ ਦਾ ਪੱਲਾ ਫੜ ਸਕਦੇ ਹਨ ਹਾਰਦਿਕ ਪਟੇਲ
Tuesday, May 31, 2022 - 12:31 PM (IST)
 
            
            ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਅਤੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਚਰਚਿੱਤ ਨੇਤਾ ਰਹੇ ਹਾਰਦਿਕ ਪਟੇਲ ਜਲਦੀ ਹੀ ਸੱਤਾਧਾਰੀ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ 18 ਮਈ ਨੂੰ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ 'ਤੇ ਤਿੱਖੇ ਹਮਲੇ ਕਰਦਿਆਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਭਾਜਪਾ ਸੂਤਰਾਂ ਨੇ ਅੱਜ ਦੱਸਿਆ ਕਿ ਹਾਰਦਿਕ ਦੇ 2 ਜੂਨ ਨੂੰ ਪਾਰਟੀ ਦੇ ਸੂਬਾਈ ਹੈੱਡਕੁਆਰਟਰ, ਰਾਜਧਾਨੀ ਗਾਂਧੀਨਗਰ ਨੇੜੇ ਸ਼੍ਰੀਕਲਮ, ਕੋਬਾ ਵਿਖੇ ਅਧਿਕਾਰਤ ਤੌਰ 'ਤੇ ਪਾਰਟੀ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੀ. ਆਰ. ਪਾਟਿਲ ਦੀ ਮੌਜੂਦਗੀ 'ਚ ਭਗਵਾ ਬਾਣਾ ਪਹਿਨ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਜੇਕਰ ਹਾਰਦਿਕ ਭਾਜਪਾ 'ਚ ਸ਼ਾਮਲ ਹੋ ਜਾਂਦੇ ਹਨ, ਤਾਂ ਇਸ ਤਿਕੜੀ 'ਚੋਂ ਇਕਲੌਤਾ ਆਗੂ ਵੜਗਾਮ ਦੇ ਕਾਂਗਰਸ ਸਮਰਥਿਤ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਹੀ ਕੇਸਰੀਆ ਦਲ (ਭਗਵਾ) ਦੇ ਵਿਰੋਧੀ ਰਹਿ ਜਾਣਗੇ।
ਦੱਸਣਯੋਗ ਹੈ ਕਿ 2015 ਦੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਤੋਂ ਬਾਅਦ ਸੁਰਖੀਆਂ 'ਚ ਆਏ 28 ਸਾਲਾ ਹਾਰਦਿਕ ਨੇ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਰਚ 2019 'ਚ ਕਾਂਗਰਸ 'ਚ ਸ਼ਾਮਲ ਹੋ ਗਏ ਸਨ ਅਤੇ ਜੁਲਾਈ 2020 'ਚ ਉਨ੍ਹਾਂ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਆਪਣੇ ਅਸਤੀਫ਼ੇ ਦੇ ਪੱਤਰ ’ਚ ਹਾਰਦਿਕ ਪਟੇਲ ਵੱਲੋਂ ਜਿਸ ਕਿਸਮ ਦੀ ਸਖ਼ਤ ਭਾਸ਼ਾ ਵਰਤੀ ਗਈ ਸੀ ਅਤੇ ਰਾਮ ਮੰਦਰ ਅਤੇ ਕਸ਼ਮੀਰ ’ਚੋਂ ਧਾਰਾ 370 ਨੂੰ ਖ਼ਤਮ ਕਰਨ ਵਰਗੇ ਮੁੱਦਿਆਂ ਦੀ ਵਕਾਲਤ ਕੀਤੀ ਸੀ, ਉਸ ਨੇ ਉਨ੍ਹਾਂ ਦੇ ਛੇਤੀ ਹੀ ਸੱਤਾਧਾਰੀ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਤੇਜ਼ ਕਰ ਦਿੱਤੀਆਂ ਸਨ। ਉਨ੍ਹਾਂ ਨੇ ਆਪਣਾ ਅਸਤੀਫ਼ਾ ਆਪਣੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ ਹੈ। ਉਨ੍ਹਾਂ ਨੇ ਖੁਦ ਨੂੰ ਸ੍ਰੀਰਾਮ ਦਾ ਸਭ ਤੋਂ ਵੱਡਾ ਭਗਤ ਦੱਸਿਆ ਸੀ ਅਤੇ ਅਯੁੱਧਿਆ ਰਾਮ ਮੰਦਰ ਲਈ ਦਾਨ ਦੇਣ ਦੀ ਗੱਲ ਵੀ ਆਖੀ ਸੀ।
ਹਾਰਦਿਕ ਨੇ ਆਪਣੇ ਅਸਤੀਫੇ 'ਚ ਦੋਸ਼ ਲਗਾਇਆ ਸੀ ਕਿ ਕਾਂਗਰਸ ਸਿਰਫ ਵਿਰੋਧ ਦੀ ਰਾਜਨੀਤੀ ਕਰਦੀ ਹੈ। ਇਸ ਨੇ ਰਾਮ ਮੰਦਰ, ਧਾਰਾ 370 ਨੂੰ ਰੱਦ ਕਰਨ ਅਤੇ GST ਵਰਗੇ ਮਹੱਤਵਪੂਰਨ ਮੁੱਦਿਆਂ ਦਾ ਸਿਰਫ਼ ਵਿਰੋਧ ਕੀਤਾ। ਇਸ ਵਿਚ ਵਿਕਾਸ ਦੀ ਬਦਲਵੀਂ ਰਾਜਨੀਤੀ ਦੀ ਘਾਟ ਹੈ। ਉਨ੍ਹਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਲਿਖਿਆ ਕਿ ਲੀਡਰਸ਼ਿਪ ਗੁਜਰਾਤ ਅਤੇ ਦੇਸ਼ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ। ਮੀਟਿੰਗ ਦੌਰਾਨ ਪਾਰਟੀ ਆਗੂ ਇਨ੍ਹਾਂ ਮੁੱਦਿਆਂ ਦੀ ਬਜਾਏ ਮੋਬਾਈਲ ਫ਼ੋਨ 'ਤੇ ਹੀ ਨਜ਼ਰ ਰੱਖਣ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            