ਜਾਣੋ ਕਿੰਨਾ ਖਤਰਨਾਕ ਹੋ ਸਕਦਾ ਹੈਂਡ ਸੈਨੇਟਾਈਜ਼ਰ ਨੂੰ ਕੋਲ ਰੱਖਣਾ

05/27/2020 4:52:55 PM

ਨੈਸ਼ਨਲ ਡੈਸਕ— ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਜਾਨਲੇਵਾ ਵਾਇਰਸ ਕਾਰਨ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਰੋਨਾ ਤੋਂ ਬੱਚਣ ਲਈ ਸਿਹਤ ਮੰਤਰਾਲਾ ਨੇ ਸਾਫ-ਸਫਾਈ ਦਾ ਧਿਆਨ ਰੱਖਣ ਨੂੰ ਕਿਹਾ ਹੈ, ਖਾਸ ਕਰ ਕੇ ਹੱਥਾਂ ਦੀ ਸਫਾਈ ਦਾ। ਸਿਹਤ ਮੰਤਰਾਲਾ ਨੇ ਲੋਕਾਂ ਨੂੰ ਹਰ 20 ਮਿੰਟ ਜਾਂ ਅੱਧੇ ਘੰਟੇ ਵਿਚ ਆਪਣੇ ਹੱਥ ਸਾਬਣ ਨਾਲ ਸਾਫ ਕਰਨ ਨੂੰ ਕਿਹਾ ਹੈ ਅਤੇ ਜੇਕਰ ਸਾਬਣ ਨਹੀਂ ਤਾਂ ਹੱਥਾਂ ਨੂੰ ਸੈਨੇਟਾਈਜ਼ ਵੀ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਕੁਝ ਲੋਕ ਤਾਂ ਅਜਿਹੇ ਹਨ, ਜੋ ਹਰ ਸਮੇਂ ਆਪਣੇ ਨਾਲ ਸੈਨੇਟਾਈਜ਼ਰ ਲੈ ਕੇ ਘੁੰਮਦੇ ਹਨ। ਅਜਿਹਾ ਕਰਨਾ ਠੀਕ ਵੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੈਨੇਟਾਈਜ਼ਰ ਖਤਰਨਾਕ ਵੀ ਸਾਬਤ ਹੋ ਸਕਦਾ ਹੈ। ਜੀ ਹਾਂ, ਹੈਂਡ ਸੈਨੇਟਾਈਜ਼ਰ ਨੂੰ ਬਣਾਉਣ 'ਚ ਕਈ ਤਰ੍ਹਾਂ ਦੇ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਕੀਟਾਣੂਆਂ ਨੂੰ ਚੰਗੀ ਤਰ੍ਹਾਂ ਮਾਰ ਸਕੇ, ਇਸ ਲਈ ਇਸ ਵਿਚ ਅਲਕੋਹਲ ਦੀ ਮਾਤਰਾ ਵੀ ਬਹੁਤ ਵੱਧ ਮਾਤਰਾ 'ਚ ਹੁੰਦੀ ਹੈ ਅਤੇ ਅਜਿਹੇ ਵਿਚ ਇਹ ਵੱਡਾ ਖਤਰਾ ਵੀ ਬਣ ਸਕਦਾ ਹੈ।

ਹਾਲ ਹੀ 'ਚ ਅਮਰੀਕਾ ਦੇ ਵਿਸਕਾਨਸਿਨ 'ਚ ਫਾਇਰ ਬ੍ਰਿਗੇਡ ਵਿਭਾਗ ਨੇ ਇਕ ਐਡਵਾਇਜ਼ਰੀ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਸੀ। ਜਿਸ ਵਿਚ ਇਕ ਗਰਮ ਕਾਰ ਦੇ ਅੰਦਰ ਸੈਨੇਟਾਈਜ਼ਰ ਛੱਡਣ ਦੇ ਖਤਰੇ ਬਾਰੇ ਦੱਸਿਆ ਗਿਆ ਸੀ। ਐਡਵਾਇਜ਼ਰੀ ਨਾਲ ਇਕ ਤਸਵੀਰ ਵੀ ਜਾਰੀ ਕੀਤੀ ਗਈ ਸੀ, ਜਿਸ 'ਚ ਕਾਰ ਦਾ ਇਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਸੀ। ਫਾਇਰ ਬ੍ਰਿਗੇਡ ਦੇ ਮੁਤਾਬਕ ਇਹ ਨੁਕਸਾਨ ਸੈਨੇਟਾਈਜ਼ਰ ਦੀ ਬੋਤਲ 'ਚ ਧਮਾਕੇ ਕਾਰਨ ਹੋਇਆ, ਹਾਲਾਂਕਿ ਬਾਅਦ 'ਚ ਉਸ ਪੋਸਟ ਨੂੰ ਹਟਾ ਲਿਆ ਗਿਆ ਪਰ ਲੋਕਾਂ ਦੇ ਮਨ ਵਿਚ ਸਵਾਲ ਹੈ ਕਿ ਗਰਮੀ ਵਿਚ ਸੈਨੇਟਾਈਜ਼ਰ ਕੋਲ ਰੱਖਣਾ ਕਿੰਨਾ ਖਤਰਨਾਕ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਸੈਨੇਟਾਈਜ਼ਰ ਨਾਲ ਹੋਣ ਵਾਲੇ ਨੁਕਸਾਨ ਬਾਰੇ-

ਵੱਧਦੇ ਤਾਪਮਾਨ 'ਚ ਬੋਤਲ ਫਟਣ ਦਾ ਡਰ— 
ਹੈਂਡ ਸੈਨੇਟਾਈਜ਼ਰ ਕੁਦਰਤੀ ਜਲਣਸ਼ੀਲ ਹੁੰਦਾ ਹੈ, ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਹੱਥਾਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਅੱਗ ਤੋਂ ਦੂਰ ਰਹੋ। ਇੰਨਾ ਹੀ ਨਹੀਂ ਵੱਧਦੀ ਗਰਮੀ ਕਾਰਨ ਕਮਰੇ ਦਾ ਤਾਪਮਾਨ ਜ਼ਿਆਦਾ ਹੋ ਜਾਵੇ ਤਾਂ ਇਹ ਆਸਾਨੀ ਨਾਲ ਸਟਰੀਮ ਹੋ ਸਕਦਾ ਹੈ। ਤਾਪਮਾਨ ਵੱਧਣ ਕਾਰਨ ਇਸ ਦੇ ਫਟਣ ਦਾ ਖਤਰਾ ਵਧ ਜਾਂਦਾ ਹੈ, ਕਿਉਂਕਿ ਇਹ ਪਲਾਸਟਿਕ ਦੀ ਬੋਤਲ ਵਿਚ ਬੰਦ ਰਹਿੰਦਾ ਹੈ। ਇਸ ਨਾਲ ਤਾਪਮਾਨ ਦਾ ਦਬਾਅ ਹੋਰ ਵਧ ਜਾਂਦਾ ਹੈ। ਗਰਮੀ ਦੇ ਦਿਨਾਂ ਵਿਚ ਗੱਡੀਆਂ ਤਪਦੀਆਂ ਰਹਿੰਦੀਆਂ ਹਨ। ਇਸ ਨਾਲ ਗੱਡੀ ਅੰਦਰ ਦਾ ਤਾਪਮਾਨ ਵੀ ਬਦਲਦਾ ਰਹਿੰਦਾ ਹੈ। ਅਜਿਹੇ ਵਿਚ ਕਾਰ ਵਿਚ ਸੈਨੇਟਾਈਜ਼ਰ ਰੱਖਣਾ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ। ਤਾਂ ਅੱਗੇ ਤੋਂ ਧਿਆਨ ਰੱਖੋ ਕਿ ਕਾਰ 'ਚ ਭੁੱਲ ਕੇ ਵੀ ਸੈਨੇਟਾਈਜ਼ਰ ਨਾ ਰੱਖੋ।

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
— ਸੈਨੇਟਾਈਜ਼ਰ ਨੂੰ ਹਮੇਸ਼ਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
— ਆਮ ਤੌਰ 'ਤੇ ਸੈਨੇਟਾਈਜ਼ਰ ਵਿਚ 40 ਫੀਸਦੀ ਤੱਕ ਅਲਕੋਹਲ ਹੁੰਦਾ ਹੈ ਪਰ ਭਾਰਤ 'ਚ ਕਈ ਬਰਾਂਡ ਅਜਿਹੇ ਹਨ, ਜੋ ਕੋਰੋਨਾ ਵਾਇਰਸ ਤੋਂ ਬਚਾਅ ਲਈ 70 ਫੀਸਦੀ ਤੋਂ ਜ਼ਿਆਦਾ ਅਲਕੋਹਲ ਦੀ ਵਰਤੋਂ ਕਰ ਰਹੇ ਹਨ।
— ਹੈਂਡ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਨ ਤੋਂ ਬਾਅਦ ਜੇਕਰ ਤੁਸੀਂ ਕੋਈ ਖਾਣ ਵਾਲੀ ਚੀਜ਼ ਜਿਵੇਂ ਕਿ ਰੋਟੀ, ਬਿਸਕੁਟ, ਸਲਾਦ ਜਾਂ ਕੁਝ ਵੀ ਖਾਂਦੇ ਹੋ ਤਾਂ ਤੁਹਾਡੇ ਢਿੱਡ ਵਿਚ ਅਲਕੋਹਲ ਅਤੇ ਕੈਮੀਕਲ ਦੀ ਮਾਤਰਾ ਵੀ ਜਾਵੇਗੀ। ਇਸ ਨਾਲ ਇਨਫੈਕਸ਼ਨ ਦਾ ਖਤਰਾ ਵਧਦਾ ਹੈ। ਕੋਸ਼ਿਸ਼ ਕਰੋ ਕਿ ਸੈਨੇਟਾਈਜ਼ ਕੀਤੇ ਹੱਥਾਂ ਨਾਲ ਕੁਝ ਵੀ ਨਾ ਖਾਓ।
— ਹੱਥਾਂ ਨੂੰ ਸੈਨੇਟਾਈਜ਼ਰ ਕਰਨ ਦੇ ਤੁਰੰਤ ਬਾਅਦ ਆਪਣੇ ਮੂੰਹ ਨੂੰ ਹੱਥ ਨਾ ਲਾਓ, ਇਸ ਨਾਲ ਚਿਹਰੇ 'ਤੇ ਖੁਜਲੀ ਵੀ ਹੋ ਸਕਦੀ ਹੈ।
— ਵਾਰ-ਵਾਰ ਸੈਨੇਟਾਈਜ਼ ਕਰਨ ਨਾਲ ਹੱਥਾਂ 'ਚ ਰੁਖ਼ਾਪਣ ਆ ਜਾਂਦਾ ਹੈ ਅਤੇ ਇਨ੍ਹਾਂ ਦੀ ਨਮੀ ਘੱਟ ਹੋ ਜਾਂਦੀ ਹੈ, ਇਸ ਨਾਲ ਹੱਥਾਂ ਦੀ ਸਕਿਨ ਨੂੰ ਵੀ ਨੁਕਸਾਨ ਹੋ ਸਕਦਾ ਹੈ। 
— ਬਿਹਤਰ ਹੋਵੇਗਾ ਕਿ ਵਾਰ-ਵਾਰ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਬਜਾਏ ਸਾਬਣ ਨਾਲ ਹੱਥਾਂ ਨੂੰ ਧੋਇਆ ਜਾਵੇ। ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਸੈਨੇਟਾਈਜ਼ਰ ਦੀ ਵਰਤੋਂ ਕਰੋ।


Tanu

Content Editor

Related News