ਕੋਵਿਡ-19 ਦਾ ਟੀਕਾ ਲੈਣ ’ਤੇ ਅੱਧੇ ਘੰਟੇ ਦਾ ਆਰਾਮ ਜ਼ਰੂਰੀ
Monday, Jan 04, 2021 - 05:33 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਕੋਵਿਡ-19 ਦਾ ਟੀਕਾ ਲੈਣ ਤੋਂ ਬਾਅਦ ਹਰ ਵਿਅਕਤੀ ਲਈ ਟੀਕਾਕਰਣ ਕੇਂਦਰ ’ਤੇ ਘੱਟ ਤੋਂ ਘੱਟ ਅੱਧੇ ਘੰਟਾ ਆਰਾਮ ਕਰਨਾ ਹੋਵੇਗਾ, ਤਾਂ ਕਿ ਜੇਕਰ ਉਨ੍ਹਾਂ ਨੂੰ ਟੀਕਾ ਲੈਣ ਤੋਂ ਬਾਅਦ ਕੋਈ ਪਰੇਸ਼ਾਨੀ ਮਹਿਸੂਸ ਹੁੰਦੀ ਹੈ, ਤਾਂ ਸਮਾਂ ਰਹਿੰਦੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਕੇਂਦਰੀ ਸਿਹਤ ਅਤੇ ਪਰਿਵਾਰ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵੈਕਸੀਨ ਦੀ ਖ਼ੁਰਾਕ ਲੈਣ ਤੋਂ ਬਾਅਦ ਹਰੇਕ ਵਿਅਕਤੀ ਨੂੰ ਟੀਕਾਕਰਣ ਕੇਂਦਰ ’ਤੇ ਘੱਟ ਤੋਂ ਘੱਟ ਅੱਧੇ ਘੰਟੇ ਦਾ ਆਰਾਮ ਕਰਨਾ ਚਾਹੀਦਾ ਹੈ। ਜੇਕਰ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਬੇਚੈਨੀ ਮਹਿਸੂਸ ਹੁੰਦੀ ਹੈ, ਤਾਂ ਉਹ ਨੇੜੇ ਦੇ ਸਿਹਤ ਅਧਿਕਾਰੀਆਂ ਜਾਂ ਆਸ਼ਾ ਵਰਕਰਾਂ ਨੂੰ ਇਸ ਦੀ ਜਾਣਕਾਰੀ ਦੇਣ।
ਵੈਕਸੀਨ ਲਾਏ ਜਾਣ ਤੋਂ ਬਾਅਦ ਹਲਕਾ ਬੁਖ਼ਾਰ ਆਉਣਾ ਅਤੇ ਟੀਕੇ ਦੀ ਥਾਂ ’ਤੇ ਹਲਕਾ ਦਰਦ ਹੋਣਾ ਆਮ ਗੱਲ ਹੈ। ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਯਾਨੀ ਕਿ ਸਾਈਡ ਇਫੈਕਟ ਨਾਲ ਜੁੜੇ ਮਾਮਲਿਆਂ ਨਾਲ ਨਜਿੱਠਣ ਦੀ ਪੂਰੀ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲਾ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਵੀ ਲੋਕਾਂ ਨੂੰ ਚੰਗਾ ਵਤੀਰਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਮਾਸਕ ਪਹਿਨਣਾ ਹੋਵੇਗਾ, ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਆਪਸ ’ਚ ਦੋ ਗਜ਼ ਦੀ ਦੂਰੀ ਦਾ ਪਾਲਣ ਕਰਨਾ ਚਾਹੀਦਾ ਹੈ।