ਹਾਫਿਜ਼ ਦੀ ਰੈਲੀ ''ਚ ਫਿਲੀਸਤੀਨੀ ਰਾਜਦੂਤ ਦੀ ਮੌਜੂਦਗੀ ''ਤੇ ਭਾਰਤ ਨਾਰਾਜ਼
Saturday, Dec 30, 2017 - 05:19 PM (IST)

ਇਸਲਾਮਾਬਾਦ(ਬਿਊਰੋ)— ਦੁਨੀਆਭਰ ਦੇ ਵਿਰੋਧ ਤੋਂ ਬਾਅਦ ਵੀ ਪਾਕਿਸਤਾਨ ਜਮਾਤ-ਉਦ-ਦਾਅਵਾ ਦੇ ਪ੍ਰਮੁਖ ਅਤੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ ਸਈਦ ਦੀ ਪਾਕਿਸਤਾਨ ਵਿਚ ਗਤੀਵਿਧੀਆਂ ਵਧਦੀਆਂ ਜਾ ਰਹੀ ਹਨ। ਇਸ ਵਾਰ ਇਸਲਾਮਾਬਾਦ ਵਿਚ ਸਈਦ ਦੀ ਰੈਲੀ ਵਿਚ ਫਿਲੀਸਤੀਨੀ ਰਾਜਦੂਤ ਦੇ ਸ਼ਾਮਲ ਹੋਣ 'ਤੇ ਆਲੋਚਨਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਭਾਰਤ ਨੇ ਫਿਲੀਸਤੀਨੀ ਰਾਜਦੂਤ ਦੀ ਮੌਜੂਦਗੀ 'ਤੇ ਸਖਤ ਇਤਰਾਜ਼ ਜਤਾਇਆ ਹੈ। ਭਾਰਤ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਫਿਲੀਸਤੀਨ ਦੇ ਸਾਹਮਣੇ ਸਖਤੀ ਨਾਲ ਚੁੱਕੇਗਾ। ਇਸਲਾਮਾਬਾਦ ਵਿਚ ਫਿਲੀਸਤੀਨੀ ਰਾਜਦੂਤ ਵਾਲਿਦ ਅਬੁ ਅਲੀ ਨੇ ਪਾਕਿਸਤਾਨ ਦੇ ਰਾਵਲਪਿੰਡੀ ਵਿਚ ਦਿਫਾ-ਏ-ਪਾਕਿਸਤਾਨ ਕੌਂਸਲ ਵੱਲੋਂ ਆਯੋਜਿਤ ਇਕ ਵੱਡੀ ਰੈਲੀ ਵਿਚ ਹਿੱਸਾ ਲਿਆ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ,''ਅਸੀਂ ਇਸ ਸਬੰਧ ਵਿਚ ਖਬਰਾਂ ਦੇਖੀਆਂ ਹਨ। ਅਸੀਂ ਨਵੀਂ ਦਿੱਲੀ ਵਿਚ ਫਲਸਤੀਨੀ ਰਾਜਦੂਤ ਅਤੇ ਫਲਸਤੀਨੀ ਅਧਿਕਾਰੀਆਂ ਸਾਹਮਣੇ ਇਸ ਮੁੱਦੇ ਨੂੰ ਸਖਤੀ ਨਾਲ ਚੁੱਕਾਗੇ।'' ਦਿਫਾ-ਏ-ਪਾਕਿਸਤਾਨ (ਪਾਕਿਸਤਾਨ ਦੀ ਰੱਖਿਆ) ਕੌਂਸਲ ਪਾਕਿਸਤਾਨ ਵਿਚ ਇਸਲਾਮੀ ਸਮੂਹਾਂ ਦਾ ਇਕ ਗੱਠਜੋੜ ਹੈ, ਜਿਸ ਵਿਚ ਹਾਫਿਜ ਦਾ ਸੰਗਠਨ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਹਾਫਿਜ ਸਈਦ ਨੇ ਇਸਲਾਮਾਬਾਦ ਵਿਚ ਆਪਣਾ ਪਾਰਟੀ ਦਫ਼ਤਰ ਖੋਲਿਆ ਹੈ। ਦਿਫਾ-ਏ-ਪਾਕਿਸਤਾਨ ਕੌਂਸਲ ਨੇ ਰਾਵਲਪਿੰਡੀ ਦੇ ਲਿਆਕਤ ਬਾਗ ਵਿਚ ਸ਼ੁੱਕਰਵਾਰ ਨੂੰ ਇਕ ਵੱਡੀ ਰੈਲੀ ਦਾ ਪ੍ਰਬੰਧ ਕੀਤਾ ਸੀ। ਰੈਲੀ ਵਿਚ ਹਾਫਿਜ ਸਈਦ ਦੇ ਨਾਲ ਫਿਲੀਸਤੀਨ ਦੇ ਰਾਜਦੂਤ ਵਲੀਦ ਅਬੁ ਅਲੀ ਵੀ ਸ਼ਾਮਲ ਹੋਏ। ਰੈਲੀ ਨੂੰ ਵਲੀਦ ਅਬੁ ਅਲੀ ਨੇ ਵੀ ਸੰਬੋਧਿਤ ਕੀਤਾ।
ਫਿਲੀਸਤੀਨੀ ਰਾਜਦੂਤ ਦੇ ਹਾਫਿਜ ਸਈਦ ਦੇ ਨਾਲ ਰੰਗ ਮੰਚ ਸਾਂਝਾ ਕਰਨ ਉੱਤੇ ਭਾਰਤ ਵਿਚ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਮਿਲ ਰਹੀ ਹੈ। ਕਿਉਂਕਿ ਪਿਛਲੇ ਹਫਤੇ ਹੀ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਯੇਰੂਸ਼ਲਮ ਮੁੱਦੇ ਉੱਤੇ ਭਾਰਤ ਨੇ ਅਮਰੀਕਾ ਖਿਲਾਫ ਵੋਟ ਪਾਉਂਦੇ ਹੋਏ ਫਿਲੀਸਤੀਨ ਦਾ ਸਮਰਥਨ ਕੀਤਾ ਸੀ। ਸੋਸ਼ਲ ਮੀਡੀਆ ਉੱਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਭਾਰਤ ਨੇ ਯੇਰੂਸ਼ਲਮ ਮਸਲੇ ਉੱਤੇ ਇਜਰਾਇਲ ਖਿਲਾਫ ਫਿਲੀਸਤੀਨ ਦਾ ਜੋ ਸਮਰਥਨ ਕੀਤਾ ਸੀ, ਉਸ ਦਾ ਫਲ ਮਿਲ ਰਿਹਾ ਹੈ। ਫਿਲੀਸਤੀਨ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਨ ਅਤੇ ਅੱਤਵਾਦੀ ਹਾਫਿਜ ਸਈਦ ਨਾਲ ਨਜ਼ਦੀਕੀਆਂ ਵਧਾ ਰਿਹਾ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਨਜ਼ਰਬੰਦੀ ਤੋਂ ਰਿਹਾਅ ਹੋਏ ਅੱਤਵਾਦੀ ਹਾਫਿਜ ਸਈਦ ਹੁਣ ਰਾਜਨੀਤੀ ਵਿਚ ਆਉਣਾ ਚਾਹੁੰਦਾ ਹੈ। ਇਸ ਲਈ ਉਸ ਨੇ ਆਉਣ ਵਾਲੀਆਂ ਚੋਣਾਂ ਵਿਚ ਉੱਤਰਨ ਦਾ ਵੀ ਐਲਾਨ ਕੀਤਾ ਸੀ। ਹਾਫਿਜ ਨੂੰ ਪਾਕਿਸਤਾਨ ਦੀ ਫੌਜ ਦਾ ਵੀ ਸਮਰਥਨ ਮਿਲ ਰਿਹਾ ਹੈ।
ਸੰਯੁਕਤ ਰਾਸ਼ਟਰ ਮਹਾਸਭਾ ਵਿਚ ਭਾਰਤ ਨੇ ਕੀਤਾ ਫਿਲੀਸਤੀਨ ਦਾ ਸਮਰਥਨ— ਸੰਯੁਕਤ ਰਾਸ਼ਟਰ ਮਹਾਸਭਾ ਨੇ ਵੀਰਵਾਰ ਨੂੰ ਇਕ ਪ੍ਰਸਤਾਵ ਪਾਸ ਕਰ ਕੇ ਅਮਰੀਕਾ ਨੂੰ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ ਉੱਤੇ ਮਾਨਤਾ ਦੇਣ ਦੇ ਫੈਸਲੇ ਨੂੰ ਵਾਪਸ ਲੈਣ ਨੂੰ ਕਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਲੱਗਭਗ ਹਰ ਮੋਰਚੇ ਉੱਤੇ ਅਮਰੀਕਾ ਦਾ ਸਾਥ ਦੇਣ ਵਾਲੇ ਭਾਰਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਮਕੀ ਦੇ ਬਾਅਦ ਵੀ ਯੇਰੂਸ਼ਲਮ ਦੇ ਮੁੱਦੇ ਉੱਤੇ ਵਿਰੋਧ ਵਿਚ ਵੋਟ ਕੀਤੀ ਹੈ। ਭਾਰਤ ਸਮੇਤ ਦੁਨੀਆ ਦੇ 128 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵਿਚ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਮੰਨਣ ਤੋਂ ਮਨਾ ਕਰ ਦਿੱਤਾ। ਸਿਰਫ 9 ਦੇਸ਼ਾਂ ਨੇ ਹੀ ਅਮਰੀਕਾ ਦੇ ਪ੍ਰਸਤਾਵ ਦਾ ਸਮਰਥਨ ਕੀਤਾ। 35 ਦੇਸ਼ਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਭਰੇ ਲਹਿਜੇ ਵਿਚ ਕਿਹਾ ਸੀ ਕਿ ਜੋ ਵੀ ਦੇਸ਼ ਯੇਰੂਸ਼ਲਮ ਦੇ ਮਸਲੇ ਉੱਤੇ ਉਸ ਦੇ ਪੱਖ ਵਿਚ ਵੋਟ ਦੇਣਗੇ, ਉਨ੍ਹਾਂ ਨੂੰ ਆਰਥਿਕ ਮਦਦ ਦੇਣ ਵਿਚ ਅਮਰੀਕਾ ਕਟੌਤੀ ਕਰੇਗਾ।