ਜਿਮ ਮਾਲਕ ਕ.ਤਲਕਾਂਡ ਮਾਮਲੇ ''ਚ ਵੱਡੀ ਸਫ਼ਲਤਾ; ਪੁਲਸ ਨਾਲ ਮੁਕਾਬਲੇ ਤੋਂ ਬਾਅਦ ਦੂਜਾ ਸ਼ੂਟਰ ਗ੍ਰਿਫ਼ਤਾਰ
Thursday, Oct 17, 2024 - 11:07 AM (IST)
ਨਵੀਂ ਦਿੱਲੀ- ਦਿੱਲੀ ਅਤੇ ਉੱਤਰ ਪ੍ਰਦੇਸ਼ ਪੁਲਸ ਨੇ ਵੀਰਵਾਰ ਤੜਕੇ ਮਥੁਰਾ 'ਚ ਇਕ ਸੰਖੇਪ ਮੁਕਾਬਲੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਜਿਮ ਮਾਲਕ ਦੇ ਕਤਲ ਲਈ ਲੋੜੀਂਦੇ ਇਕ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਮੁਤਾਬਕ ਉੱਤਰ ਪ੍ਰਦੇਸ਼ ਦੇ ਬਦਾਊਂ ਦਾ ਰਹਿਣ ਵਾਲਾ ਯੋਗੇਸ਼ ਉਰਫ਼ ਰਾਜੂ ਲਾਰੈਂਸ ਬਿਸ਼ਨੋਈ ਅਤੇ ਹਾਸ਼ਿਮ ਬਾਬਾ ਗੈਂਗ ਲਈ ਕੰਮ ਕਰਦਾ ਹੈ।
ਰਾਜੂ ਦੇ ਸਾਥੀ ਮਧੁਰ ਉਰਫ਼ ਅਯਾਨ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ 12 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਰਾਜੂ ਅਤੇ ਮਧੁਰ ਨੇ 12 ਸਤੰਬਰ ਨੂੰ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿਚ ਜਿਮ ਦੇ ਬਾਹਰ 35 ਸਾਲਾ ਨਾਦਿਰ ਸ਼ਾਹ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਨੂੰ ਮਥੁਰਾ 'ਚ ਰਾਜੂ ਦੇ ਹੋਣ ਬਾਰੇ ਸੂਚਨਾ ਮਿਲੀ ਸੀ ਅਤੇ ਸਥਾਨਕ ਪੁਲਸ ਨਾਲ ਮਿਲ ਕੇ ਜਾਲ ਵਿਛਾਇਆ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸਵੇਰੇ 4 ਵਜੇ ਦੇ ਕਰੀਬ ਬਾਡ ਰੇਲਵੇ ਸਟੇਸ਼ਨ ਨੇੜੇ ਆਗਰਾ-ਮਥੁਰਾ ਹਾਈਵੇਅ ਸਰਵਿਸ ਰੋਡ 'ਤੇ ਮੋਟਰਸਾਈਕਲ 'ਤੇ ਜਾਂਦੇ ਦੇਖਿਆ ਗਿਆ।
ਪੁਲਸ ਟੀਮ ਨੂੰ ਦੇਖ ਕੇ ਰਾਜੂ ਨੇ ਗੋਲੀ ਚਲਾ ਦਿੱਤੀ। ਉਸ ਨੇ ਤਿੰਨ ਰਾਉਂਡ ਫਾਇਰ ਕੀਤੇ ਜਦੋਂਕਿ ਪੁਲਸ ਟੀਮ ਨੇ ਸਵੈ-ਰੱਖਿਆ ਲਈ ਦੋ ਫਾਇਰ ਕੀਤੇ। ਰਾਜੂ ਦੀ ਖੱਬੀ ਲੱਤ ਵਿਚ ਗੋਲੀ ਲੱਗੀ ਹੈ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮੌਕੇ ਤੋਂ ਸੱਤ ਜ਼ਿੰਦਾ ਕਾਰਤੂਸ ਸਮੇਤ ਇਕ 32 ਬੋਰ ਦਾ ਪਿਸਤੌਲ, ਤਿੰਨ ਖਾਲੀ ਖੋਲ ਅਤੇ ਬਿਨਾਂ ਨੰਬਰ ਪਲੇਟ ਵਾਲਾ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।