ਗਿਆਨਵਾਪੀ ਸਰਵੇ ਮਾਮਲੇ ’ਚ ਸੁਣਵਾਈ ਪੂਰੀ, ਫੈਸਲਾ 3 ਅਗਸਤ ਨੂੰ, ਸਰਵੇਖਣ ’ਤੇ ਰੋਕ ਬਰਕਰਾਰ
Friday, Jul 28, 2023 - 12:04 PM (IST)

ਪ੍ਰਯਾਗਰਾਜ, (ਭਾਸ਼ਾ)- ਇਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਸਰਵੇਖਣ ਮਾਮਲੇ ’ਚ ਸੁਣਵਾਈ ਤੋਂ ਬਾਅਦ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਅਦਾਲਤ 3 ਅਗਸਤ ਨੂੰ ਫ਼ੈਸਲਾ ਸੁਣਾਏਗੀ। ਉਦੋਂ ਤੱਕ ਏ. ਐੱਸ. ਆਈ. ਦੇ ਸਰਵੇਖਣ ’ਤੇ ਲੱਗੀ ਰੋਕ ਬਰਕਰਾਰ ਰਹੇਗੀ।
ਇਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਪ੍ਰੀਤੀਂਕਰ ਦਿਵਾਕਰ ਦੀ ਅਦਾਲਤ ’ਚ ਵੀਰਵਾਰ ਨੂੰ ਬਾਅਦ ਦੁਪਹਿਰ 3 ਵੱਜ ਕੇ 15 ਮਿੰਟ ’ਤੇ ਸੁਣਵਾਈ ਸ਼ੁਰੂ ਹੋਈ। ਹਾਲਾਂਕਿ ਚੀਫ ਜਸਟਿਸ ਦੀ ਅਦਾਲਤ ’ਚ ਨਿਯਮਿਤ ਕਾਰਜ ਪੂਰਾ ਹੋ ਗਿਆ ਸੀ, ਇਸ ਲਈ ਜਸਟਿਸ ਦਿਵਾਕਰ ਨੇ ਦੋਵਾਂ ਪੱਖਾਂ ਦੇ ਵਕੀਲਾਂ ਨੂੰ ਬਹਿਸ ਕਰਨ ਲਈ ਕਿਹਾ। ਸੁਣਵਾਈ ਸ਼ੁਰੂ ਹੋਣ ’ਤੇ ਭਾਰਤੀ ਪੁਰਾਤੱਤਵ ਵਿਭਾਗ (ਏ. ਐੱਸ. ਆਈ.) ਦੇ ਵਧੀਕ ਨਿਰਦੇਸ਼ਕ ਨੇ ਅਦਾਲਤ ਨੂੰ ਦੱਸਿਆ ਕਿ ਏ. ਐੱਸ. ਆਈ. ਕਿਸੇ ਹਿੱਸੇ ’ਚ ਖੋਦਾਈ ਕਰਾਉਣ ਨਹੀਂ ਜਾ ਰਿਹਾ ਹੈ। ਉਹ ਚੀਫ ਜਸਟਿਸ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ।
ਚੀਫ ਜਸਟਿਸ ਨੇ ਪੁੱਛਿਆ ਕਿ ਤੁਹਾਡਾ ਖੋਦਾਈ (ਐਕਸਕੇਵੇਸ਼ਨ) ਤੋਂ ਕੀ ਭਾਵ ਹੈ? ਏ. ਐੱਸ. ਆਈ. ਦੇ ਅਧਿਕਾਰੀ ਨੇ ਜਵਾਬ ਦਿੱਤਾ ਕਿ ਕਾਲ ਨਿਰਧਾਰਣ (ਡੇਟਿੰਗ) ਅਤੇ ਪੁਰਾਤੱਤਵ ਗਤੀਵਿਧੀਆਂ ਨਾਲ ਜੁੜੀ ਕਿਸੇ ਗਤੀਵਿਧੀ ਨੂੰ ਖੋਦਾਈ ਕਿਹਾ ਜਾਂਦਾ ਹੈ ਪਰ ਅਸੀਂ ਸਮਾਰਕ ਦੇ ਕਿਸੇ ਹਿੱਸੇ ਦੀ ਖੋਦਾਈ (ਡਿਗਿੰਗ) ਕਰਨ ਨਹੀਂ ਜਾ ਰਹੇ। ਮਸਜ਼ਿਦ ਕਮੇਟੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਮੁਕੱਦਮੇ ਦੀ ਸੁਣਵਾਈ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹੈ ਅਤੇ ਜੇਕਰ ਸੁਪਰੀਮ ਕੋਰਟ ਬਾਅਦ ’ਚ ਇਸ ਨਤੀਜੇ ’ਤੇ ਪੁੱਜਦੀ ਹੈ ਕਿ ਇਹ ਮੁਕੱਦਮਾ ਸੁਣਵਾਈਯੋਗ ਨਹੀਂ ਹੈ ਤਾਂ ਪੂਰੀ ਕਵਾਇਦ ਬੇਕਾਰ ਜਾਵੇਗੀ, ਇਸ ਲਈ ਸਰਵੇਖਣ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੀਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ’ਚ ਸੁਣਵਾਈ ਜਾਰੀ ਹੈ। ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ 3 ਅਗਸਤ ਤੱਕ ਲਈ ਸੁਰੱਖਿਅਤ ਰੱਖ ਲਿਆ ਅਤੇ ਕਿਹਾ ਕਿ ਫ਼ੈਸਲਾ ਆਉਣ ਤੱਕ ਏ. ਐੱਸ. ਆਈ. ਦੇ ਸਰਵੇਖਣ ’ਤੇ ਲੱਗੀ ਰੋਕ ਬਰਕਰਾਰ ਰਹੇਗੀ।