ਗਿਆਨਵਾਪੀ ਮਾਮਲੇ ’ਚ ਅਨਿਲ ਵਿਜ ਦਾ ਬਿਆਨ- ਸ਼ਬਦ ਵੇਖ ਕੇ ਲੱਗਦੈ ਇਹ ਹਿੰਦੂ ਮੰਦਰ ਹੀ ਰਿਹਾ ਹੋਵੇਗਾ
Tuesday, May 17, 2022 - 03:43 PM (IST)
ਅੰਬਾਲਾ (ਧਰਨੀ/ਅਮਨ)- ਇਸ ਸਮੇਂ ਗਿਆਨਵਾਪੀ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਜ਼ੋਰਾਂ ’ਤੇ ਹੈ। ਅਜਿਹੇ ’ਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਵਿਜ ਨੇ ਕਿਹਾ ਕਿ ਗਿਆਨਵਾਪੀ ਕੋਈ ਉਰਦੂ, ਅਰਬੀ ਜਾਂ ਫਾਰਸੀ ਦਾ ਸ਼ਬਦ ਨਹੀਂ ਇਹ ਇਕ ਹਿੰਦੀ ਦਾ ਸ਼ਬਦ ਹੈ। ਇਸ ਸ਼ਬਦ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਹਿੰਦੂ ਮੰਦਰ ਹੀ ਰਿਹਾ ਹੋਵੇਗਾ। ਵਿਜ ਨੇ ਇਹ ਵੀ ਕਿਹਾ ਕਿ ਮਾਮਲਾ ਕੋਰਟ ’ਚ ਹੈ ਤਾਂ ਇਸ ਦਾ ਫ਼ੈਸਲਾ ਵੀ ਕੋਰਟ ਕਰੇਗੀ।
ਇਹ ਵੀ ਪੜ੍ਹੋ: ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ, ਹਿੰਦੂ ਪੱਖ ਨੇ ਸ਼ਿਵਲਿੰਗ ਮਿਲਣ ਦਾ ਕੀਤਾ ਦਾਅਵਾ
ਓਧਰ ਤਾਮਿਲਨਾਡੂ ਦੇ ਉੱਚ ਸਿੱਖਿਆ ਮੰਤਰੀ ਡਾ. ਕੇ. ਪੋਨਮੁਡੀ ਨੇ ਹਾਲ ਹੀ ਬਿਆਨ ਦਿੱਤਾ ਸੀ ਕਿ ਅੰਗਰੇਜ਼ੀ ਸਾਹਮਣੇ ਹਿੰਦੀ ਦੀ ਕੋਈ ਹੈਸੀਅਤ ਨਹੀਂ। ਹਿੰਦੀ ਬੋਲਣ ਵਾਲੇ ਪੁਡੂਚੇਰੀ ’ਚ ਪਾਨੀਪੂਰੀ ਵੇਚਦੇ ਹਨ। ਉਨ੍ਹਾਂ ਦੇ ਇਸ ਬਿਆਨ ’ਤੇ ਵੀ ਵਿਜ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ ਅਤੇ ਜੋ ਇਸ ਧਰਤੀ ਨੂੰ ਆਪਣਾ ਰਾਸ਼ਟਰ ਮੰਨਦਾ ਹੈ, ਉਸ ਨੂੰ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ। ਰਾਸ਼ਟਰ ਭਾਸ਼ਾ ਦਾ ਸਨਮਾਨ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਭਾਵੇਂ ਉਹ ਮੰਤਰੀ ਹੋਵੇ ਜਾਂ ਆਮ ਆਦਮੀ।