ਗਿਆਨਵਾਪੀ: ਅਦਾਲਤ ਦੇ ਹੁਕਮਾਂ ਤੋਂ ਕੁਝ ਘੰਟਿਆਂ ਬਾਅਦ ਖੋਲ੍ਹਿਆ ਗਿਆ ਤਹਿਖ਼ਾਨਾ, ਹੋਈ ਪੂਜਾ
Thursday, Feb 01, 2024 - 10:13 AM (IST)
ਵਾਰਾਣਸੀ- ਵਾਰਾਣਸੀ ਜ਼ਿਲ੍ਹਾ ਅਦਾਲਤ ਵੱਲੋਂ ਗਿਆਨਵਾਪੀ ਕੰਪਲੈਕਸ 'ਚ ਸਥਿਤ ਵਿਆਸ ਜੀ ਦਾ ਤਹਿਖ਼ਾਨਾ 'ਚ ਹਿੰਦੂ ਭਾਈਚਾਰੇ ਨੂੰ ਪੂਜਾ ਕਰਨ ਦਾ ਅਧਿਕਾਰ ਦਿੱਤੇ ਜਾਣ ਦੇ ਕੁਝ ਘੰਟਿਆਂ ਬਾਅਦ ਬੁੱਧਵਾਰ ਦੇਰ ਰਾਤ ਤਹਿਖ਼ਾਨਾ ਨੂੰ ਖੋਲ੍ਹ ਦਿੱਤਾ ਗਿਆ ਅਤੇ ਉਥੇ ਪੂਜਾ ਕੀਤੀ ਗਈ। ਕਾਸ਼ੀ ਵਿਸ਼ਵਨਾਥ ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਨਾਗੇਂਦਰ ਪਾਂਡੇ ਨੇ ਦੱਸਿਆ ਕਿ ਰਾਤ ਕਰੀਬ 10:30 ਵਜੇ 31 ਸਾਲਾਂ ਬਾਅਦ ਵਿਆਸ ਜੀ ਦੇ ਤਹਿਖਾਨੇ ਨੂੰ ਪੂਜਾ ਲਈ ਖੋਲ੍ਹਿਆ ਗਿਆ ਅਤੇ ਸਫਾਈ ਕੀਤੀ ਗਈ। ਇਕ ਸਵਾਲ 'ਤੇ ਕਿ ਕੀ ਤਹਿਖ਼ਾਨੇ 'ਚ ਪੂਜਾ ਸ਼ੁਰੂ ਹੋ ਗਈ ਹੈ, ਉਨ੍ਹਾਂ ਨੇ ਜਵਾਬ ਦਿੱਤਾ- 'ਹਾਂ।'
ਪਾਂਡੇ ਨੇ ਕਿਹਾ ਅਦਾਲਤ ਦਾ ਹੁਕਮ ਸੀ, ਇਸ ਦੀ ਪਾਲਣਾ ਕਰਨੀ ਜ਼ਰੂਰੀ ਸੀ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਮੁਸਤੈਦੀ ਨਾਲ ਸਾਰੇ ਪ੍ਰਬੰਧ ਕੀਤੇ ਹਨ। ਮੈਨੂੰ ਲੱਗਦਾ ਹੈ ਕਿ ਬਾਕੀ ਜੋ ਵੀ ਕਮੀ ਹੈ, ਉਹ ਹੌਲੀ-ਹੌਲੀ ਪੂਰੀ ਕੀਤੀ ਜਾਵੇਗੀ। ਅੱਜ ਤਹਿਖ਼ਾਨੇ ਦੇ ਅੰਦਰ ਕੀ ਹੋਇਆ, ਇਸ ਸਵਾਲ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਐੱਸ. ਰਾਜਲਿੰਗਮ ਨੇ ਕਿਹਾ ਕਿ ਮੈਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ। ਕੁਝ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਸਫਾਈ ਤੋਂ ਬਾਅਦ ਤਹਿਖ਼ਾਨੇ 'ਚ ਲਕਸ਼ਮੀ-ਗਣੇਸ਼ ਦੀ ਆਰਤੀ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਰਾਤ 9.30 ਵਜੇ ਦੇ ਕਰੀਬ ਕਾਸ਼ੀ-ਵਿਸ਼ਵਨਾਥ ਟਰੱਸਟ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਅਤੇ ਨੰਦੀ ਮਹਾਰਾਜ ਦੇ ਸਾਹਮਣੇ ਬੈਰੀਕੇਡਿੰਗ ਹਟਾ ਕੇ ਸੜਕ ਨੂੰ ਖੋਲ੍ਹਿਆ ਗਿਆ। ਇਹ ਤਹਿਖ਼ਾਨਾ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਅੰਦਰ ਸਥਿਤ ਹੈ।
ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਗਿਆਨਵਾਪੀ ਕੰਪਲੈਕਸ ਵਿਚ ਸਥਿਤ ਵਿਆਸ ਜੀ ਦੇ ਤਹਿਖ਼ਾਨੇ 'ਚ ਹਿੰਦੂਆਂ ਨੂੰ ਪੂਜਾ ਕਰਨ ਦੀ ਇਜਾਜ਼ਤ ਦੇਣ ਦਾ ਹੁਕਮ ਦਿੱਤਾ। ਮੁਸਲਿਮ ਪੱਖ ਨੇ ਇਸ ਹੁਕਮ ਨੂੰ ਅਦਾਲਤ 'ਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਹਿੰਦੂ ਪੱਖ ਦੇ ਵਕੀਲ ਮਦਨ ਮੋਹਨ ਯਾਦਵ ਅਨੁਸਾਰ ਜ਼ਿਲ੍ਹਾ ਜੱਜ ਅਜੈ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ ਨੇ ਵਿਆਸ ਜੀ ਦੇ ਪੋਤੇ ਸ਼ੈਲੇਂਦਰ ਪਾਠਕ ਨੂੰ ਤਹਿਖ਼ਾਨੇ 'ਚ ਪੂਜਾ ਕਰਨ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਹਿਖ਼ਾਨੇ 'ਚ ਸਾਲ 1993 ਤੱਕ ਪੂਜਾ ਹੁੰਦੀ ਸੀ ਪਰ ਉਸੇ ਸਾਲ ਮੁਲਾਇਮ ਸਿੰਘ ਯਾਦਵ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ ਸੀ।