ਹੁਣ ਸੌਖਾ ਹੋਵੇਗਾ ਸਫ਼ਰ; ਗੁਰੂਗ੍ਰਾਮ-ਸੋਹਨਾ ਨੈਸ਼ਨਲ ਹਾਈਵੇਅ ਆਵਾਜਾਈ ਲਈ ਖੁੱਲ੍ਹਿਆ

07/12/2022 3:45:44 PM

ਸੋਹਨਾ– ਹਰਿਆਣਾ ਦੇ ਗੁਰੂਗ੍ਰਾਮ ’ਚ ਰਾਜੀਵ ਚੌਕ ਤੋਂ ਸੋਹਨਾ ਤੱਕ ਦਾ ਸਫ਼ਰ ਆਸਾਨ ਹੋਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਨੈਸ਼ਨਲ ਹਾਈਵੇਅ 248ਏ 'ਤੇ ਬਣੇ 6-ਲੇਨ ਐਲੀਵੇਟਿਡ ਹਾਈਵੇਅ ਨੂੰ ਸੋਮਵਾਰ ਨੂੰ ਟਰਾਇਲ ਦੇ ਆਧਾਰ 'ਤੇ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਪੂਰੀ 21.65 ਕਿਲੋਮੀਟਰ ਲੰਬੀ ਸੋਹਨਾ ਐਲੀਵੇਟਿਡ ਸੜਕ ਜਨਤਾ ਲਈ ਉਪਲਬਧ ਕਰ ਦਿੱਤੀ ਗਈ ਹੈ।

PunjabKesari

ਇਸ ਹਾਈਵੇਅ ਦੇ ਸ਼ੁਰੂ ਹੋਣ ਨਾਲ ਇਹ ਫਾਇਦਾ ਹੋਵੇਗਾ ਕਿ ਯਾਤਰਾ ਦਾ ਸਮਾਂ ਘੱਟ ਕੇ ਹੁਣ 15-20 ਮਿੰਟ ਦਾ ਰਹਿ ਜਾਵੇਗਾ। ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ 25 ਕਿਲੋਮੀਟਰ ਲੰਬੇ ਇਸ ਗੁਰੂਗ੍ਰਾਮ-ਸੋਹਨਾ ਹਾਈਵੇਅ ਦੇ ਖੁੱਲ੍ਹ ਜਾਣ ਨਾਲ ਯਾਤਰੀਆਂ ਨੂੰ ਸੌਖ ਹੋਵੇਗੀ ਅਤੇ ਉਨ੍ਹਾਂ ਦੇ ਸਮੇਂ ਦੀ ਬਚਤ ਹੋਵੇਗੀ। ਲਗਭਗ 2000 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਨਾਲ  6 ਲੇਨ ਐਕਸੈਸ ਕੰਟਰੋਲਡ ਕੋਰੀਡੋਰ ਤੱਕ ਵਿਕਸਿਤ ਕੀਤਾ ਗਿਆ ਹੈ।

PunjabKesari

ਗਡਕਰੀ ਨੇ ਇਕ ਹੋਰ ਟਵੀਟ ਦੇ ਜ਼ਰੀਏ ਦੱਸਿਆ ਕਿ ਆਵਾਜਾਈ ਨੂੰ ਸੌਖਾ ਬਣਾਉਣ ਲਈ ਹਾਈਵੇਅ ਦੇ ਦੋਹਾਂ ਪਾਸੇ 3-3 ਲੇਨ ਦੀ ਸਰਵਿਸ ਰੋਡ ਬਣਾਈ ਗਈ ਹੈ। ਇਸ ਦੇ ਨਾਲ ਹੀ ਹਾਈਵੇਅ ਦਾ ਇਹ ਹਿੱਸਾ ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਜ਼ਰੀਏ ਦਿੱਲੀ ਅਤੇ ਗੁਰੂਗ੍ਰਾਮ ਨੂੰ ਵੀ ਕਨੈਕਟਵਿਟੀ ਪ੍ਰਦਾਨ ਕਰੇਗਾ।

ਇਸ ਨਿਰਮਾਣ ਕੰਮ ਨੂੰ ਤੈਅ ਸਮੇਂ ਸੀਮਾ ’ਚ ਪੂਰਾ ਕਰਨ ਲਈ ਪ੍ਰਾਜੈਕਟ ਨੂੰ ਦੋ ਭਾਗਾਂ ’ਚ ਵੰਡਿਆ ਗਿਆ ਸੀ। ਪ੍ਰਾਜੈਕਟ-1 ਤਹਿਤ ਜਨਵਰੀ 2019 ਨੂੰ ਰਾਜੀਵ ਚੌਕ ਤੋਂ ਬਾਦਸ਼ਾਹਪੁਰ ਵਿਚਾਲੇ ਕਰੀਬ 8.94 ਕਿਲੋਮੀਟਰ ਦੇ ਪ੍ਰਾਜੈਕਟ ਦਾ ਨਿਰਮਾਣ ਕੰਮ ਸ਼ੁਰੂ ਕੀਤਾ। ਤਿੰਨ ਐਲੀਵੇਟਿਡ ਸਟ੍ਰਕਚਰ ਤਿਆਰ ਕੀਤੇ ਗਏ, ਜਿਨ੍ਹਾਂ ਦੀ ਕੁੱਲ ਲੰਬਾਈ 4.752 ਕਿਲੋਮੀਟਰ ਤੈਅ ਕੀਤੀ ਗਈ। ਦੂਜਾ ਸਟ੍ਰਕਚਰ ਫਾਜਿਲਪੁਰ ਚੌਕ ਤੋਂ ਬਾਦਸ਼ਾਹਪੁਰ ਵਿਚਾਲੇ ਬਣਾਇਆ ਗਿਆ ਹੈ, ਜਿਸ ਦੀ ਲੰਬਾਈ 4.068 ਕਿਲੋਮੀਟਰ ਹੈ। ਇਸ ਪੂਰੇ ਪ੍ਰਾਜੈਕਟ ਦਾ ਨਿਰਮਾਣ ਕੰਮ 30 ਮਹੀਨੇ ’ਚ ਪੂਰਾ ਕਰਨ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਕੋਰੋਨਾ ਕਾਰਨ ਨਿਰਮਾਣ ਕੰਮ ’ਚ ਆਈ ਰੁਕਾਵਟ ਕਾਰਨ ਇਸ ਦੀ ਸਮੇਂ ਸੀਮਾ 30 ਜੂਨ 2022 ਤੱਕ ਵਧਾ ਦਿੱਤੀ ਸੀ। ਪ੍ਰਾਜੈਕਟ-2 ਤਹਿਤ ਆਉਣ ਵਾਲੇ ਨਿਰਮਾਣ ਖੇਤਰ ’ਚ 24 ਲੇਨ ਦੇ ਟੋਲ ਪਲਾਜ਼ਾ ਦਾ ਵੀ ਨਿਰਮਾਣ ਕੀਤਾ ਗਿਆ ਹੈ। ਟੋਲ ਪਲਾਜ਼ਾ ’ਚ ਦੋਵੇਂ ਪਾਸੇ 12-12 ਲੇਨ ਬਣਾਈ ਗਈ ਹੈ, ਤਾਂ ਕਿ ਟੋਲ ਪਲਾਜ਼ਾ ’ਤੇ ਘੱਟ ਤੋਂ ਘੱਟ ਸਮੇਂ ’ਚ ਵਾਹਨਾਂ ਦੀ ਆਵਾਜਾਈ ਹੋ ਸਕੇ।


Tanu

Content Editor

Related News