G20 ਸੰਮੇਲਨ ਲਈ ਲਾਏ ਗਏ ਫੁੱਲਾਂ ਦੇ ਗਮਲੇ ਚੋਰੀ ਕਰਨ ਵਾਲਾ ਇਕ ਸ਼ਖ਼ਸ ਗ੍ਰਿਫ਼ਤਾਰ
Wednesday, Mar 01, 2023 - 03:33 PM (IST)
ਗੁਰੂਗ੍ਰਾਮ- ਗੁਰੂਗ੍ਰਾਮ ਪੁਲਸ ਨੇ ਜੀ20 ਸੰਮੇਲਨ ਲਈ ਲਾਏ ਗਏ ਫੁੱਲਾਂ ਦੇ ਗਮਲੇ ਚੋਰੀ ਕਰਨ ਦੇ ਮਾਮਲੇ 'ਚ ਇਕ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਬੁੱਧਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ। ਜਿਸ 'ਚ ਦੋ ਲੋਕ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ ਵੇਅ 'ਤੇ ਰੱਖੇ ਫੁੱਲਾਂ ਦੇ ਗਮਲੇ ਚੋਰੀ ਕਰਦੇ ਦਿਖਾਈ ਦਿੱਤੇ। ਮੁਲਜ਼ਮ ਦੀ ਪਛਾਣ 50 ਸਾਲਾ ਮਨਮੋਹਨ ਵਾਸੀ ਗੁਰੂਗ੍ਰਾਮ ਵਜੋਂ ਹੋਈ ਹੈ।
ਗੁਰੂਗ੍ਰਾਮ ਪੁਲਸ ਨੇ ਕਿਹਾ ਕਿ ਪੁਲਸ ਨੇ ਚੋਰੀ ਕੀਤੇ ਫੁੱਲਾਂ ਦੇ ਗਮਲੇ ਅਤੇ ਚੋਰੀ ਵਿਚ ਵਰਤੀ ਗਈ ਕਾਰ ਨੂੰ ਜ਼ਬਤ ਕਰ ਲਿਆ ਹੈ। ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਟੀ ਦੇ ਸੰਯੁਕਤ ਸੀ. ਈ. ਓ. ਐਸ. ਕੇ. ਚਾਹਲ ਨੇ ਸਥਿਤੀ ਦਾ ਨੋਟਿਸ ਲਿਆ ਹੈ। ਚਾਹਲ ਨੇ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ 'ਚ ਆਇਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਘਟਨਾ ਸੋਮਵਾਰ ਨੂੰ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ ਵੇਅ 'ਤੇ ਐਂਬੀਐਂਸ ਮਾਲ ਦੇ ਸਾਹਮਣੇ ਵਾਪਰੀ ਅਤੇ ਵੀਡੀਓ 'ਚ ਦੋ ਵਿਅਕਤੀਆਂ ਨੂੰ SUV 'ਚ ਫੁੱਲਾਂ ਦੇ ਗਮਲੇ ਰੱਖਦੇ ਹੋਏ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਭਾਰਤ 30 ਨਵੰਬਰ, 2023 ਤੱਕ ਇਕ ਸਾਲ ਲਈ ਜੀ-20 ਦੀ ਪ੍ਰਧਾਨਗੀ ਸੰਭਾਲ ਰਿਹਾ ਹੈ। ਇਹ ਮੰਚ ਜੀ-20 ਮੈਂਬਰ ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਭਾਰਤ ਵਲੋਂ ਸੱਦੇ ਗਏ ਕੌਮਾਂਤਰੀ ਸੰਗਠਨਾਂ ਨੂੰ ਇਕੱਠੇ ਕਰੇਗਾ।