ਬੇਅਦਬੀ ਮਾਮਲਾ: ਰਾਮ ਰਹੀਮ ਨੇ ਹਾਈ ਕੋਰਟ ''ਚ ਦਾਖ਼ਲ ਕੀਤੀ ਪਟੀਸ਼ਨ, ਮੰਗੀ ਜ਼ਮਾਨਤ
Thursday, Oct 28, 2021 - 11:11 AM (IST)
ਚੰਡੀਗੜ੍ਹ (ਹਾਂਡਾ): ਡੇਰਾ ਸੱਚਾ ਸੌਦਾ ਸਿਰਸਾ ਮੁਖੀ ਅਤੇ ਜਬਰ-ਜ਼ਿਨਾਹ, ਕਤਲ ਅਤੇ ਹੋਰ ਮਾਮਲਿਆਂ ਵਿਚ ਰੋਹਤਕ ਜੇਲ੍ਹ ਵਿਚ ਬੰਦੀ ਗੁਰਮੀਤ ਰਾਮ ਰਹੀਮ ਨੇ ਬਰਗਾੜੀ ਬੇਅਦਬੀ ਮਾਮਲੇ ਵਿਚ ਉਨ੍ਹਾਂ ਨੂੰ ਮੁਲਜ਼ਮ ਬਣਾਏ ਜਾਣ ਨੂੰ ਰਾਜਨੀਤਕ ਸਾਜਿਸ਼ ਦੱਸਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਇਸ ਮਾਮਲੇ ਵਿਚ ਜ਼ਮਾਨਤ ਮੰਗੀ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਦੀ ਕਾਰਵਾਈ ’ਤੇ ਤੱਦ ਤੱਕ ਰੋਕ ਲਾਈ ਜਾਵੇ, ਜਦੋਂ ਤੱਕ ਉਕਤ ਪਟੀਸ਼ਨ ਦਾ ਨਿਪਟਾਰਾ ਨਹੀਂ ਹੋ ਜਾਂਦਾ। ਦੱਸ ਦਈਏ ਕਿ ਸਿੱਟ ਨੇ ਇਸ ਮਾਮਲੇ ਵਿਚ ਰਾਮ ਰਹੀਮ ਤੋਂ ਪੁੱਛ-ਗਿੱਛ ਦੀ ਆਗਿਆ ਮੰਗੀ ਸੀ। ਸਿੱਟ ਦੀ ਬੇਨਤੀ 'ਤੇ ਫਰੀਦਕੋਟ ਦੀ ਕੋਰਟ ਨੇ ਰਾਮ ਰਹੀਮ ਪ੍ਰਡੋਕਸ਼ਨ ਵਾਰੰਟ 'ਤੇ ਲਿਆਉਣ ਦੀ ਆਗਿਆ ਦਿੰਦੇ ਹੋਏ 29 ਅਕਤੂਬਰ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ।
ਪਟੀਸ਼ਨ ਵਿਚ ਫਰੀਦਕੋਟ ਜ਼ਿਲਾ ਅਦਾਲਤ ਦੇ ਉਸ ਹੁਕਮ ’ਤੇ ਵੀ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ਜਿਸ ਵਿਚ ਗੁਰਮੀਤ ਰਾਮ ਰਹੀਮ ਨੂੰ ਮਾਮਲੇ ਵਿਚ ਇਨਵੈਸਟੀਗੇਸ਼ਨ ਲਈ ਜੇਲ੍ਹ ਤੋਂ ਪ੍ਰੋਡਕਸ਼ਨ ਰਿਮਾਂਡ ’ਤੇ ਲਿਆਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਕਾਫ਼ੀ ਗੰਭੀਰ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਜੇਲ੍ਹ ਅੰਦਰ ਅਤੇ ਬਾਹਰ ਕਈ ਮੁਲਜ਼ਮਾਂ ਦਾ ਕਤਲ ਹੋ ਚੁੱਕਿਆ ਹੈ ਅਤੇ ਪਟੀਸ਼ਨਰ ਦੀ ਜਾਨ ਨੂੰ ਵੀ ਜੇਲ੍ਹ ’ਚੋਂ ਬਾਹਰ ਆਉਣ ’ਤੇ ਖ਼ਤਰਾ ਹੈ, ਇਸ ਲਈ ਪਟੀਸ਼ਨਰ ’ਤੇ ਫਰੀਦਕੋਟ ਥਾਣੇ ਵਿਚ ਦਰਜ ਐੱਫ. ਆਈ. ਆਰ. ਨੰਬਰ 63 ਵਿਚ ਜੇਕਰ ਗੁਰਮੀਤ ਰਾਮ ਰਹੀਮ ਤੋਂ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਸੁਨਾਰੀਆ ਜੇਲ੍ਹ ਵਿਚ ਹੀ ਕੀਤੀ ਜਾਵੇ, ਜਿਸ ਲਈ ਉਹ ਪੂਰਾ ਸਹਿਯੋਗ ਕਰਨ ਲਈ ਤਿਆਰ ਹੈ।
ਦੱਸਣਯੋਗ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਵਿਚ ਸਿਟ ਵੱਲੋਂ 11 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ ਜਿੰਨ੍ਹਾਂ ’ਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਮੁਕੱਦਮਾ ਨੰਬਰ 63 ਦੇ ਮੁਲਜ਼ਮ ਡੇਰਾ ਮੁਖੀ ਤੋਂ ਇਲਾਵਾ 6 ਮੁਲਜ਼ਮਾਂ ਖ਼ਿਲਾਫ਼ ਸਿਟ ਵੱਲੋਂ ਫ਼ਰੀਦਕੋਟ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਅਤੇ 3 ਦਾ ਲੁੱਕ ਆਊਟ ਨੋਟਿਸ ਜਾਰੀ ਹੋ ਚੁੱਕਾ ਹੈ। ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਨੇ ਬੀਤੀ ਮਹੀਨਾ ਜੂਨ 2015 ਨੂੰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਡੇਰਾ ਸਿਰਸਾ ਮੁਖੀ ਰਾਮ ਰਹੀਮ ’ਤੇ ਦੋਸ਼ ਹੈ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦੀ ਸਾਜਿਸ਼ ਬਣਾਈ।