ਜੇਲ੍ਹ ’ਚੋਂ ਬਾਹਰ ਆਏ ਰਾਮ ਰਹੀਮ, ਚੋਣਾਂ ਤੋਂ ਪਹਿਲਾਂ ਗਰਮਾ ਸਕਦੀ ਹੈ ਪੰਜਾਬ ਦੀ ਸਿਆਸਤ
Monday, Feb 07, 2022 - 04:44 PM (IST)
ਸਿਰਸਾ— ਹਰਿਆਣਾ ’ਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 21 ਦਿਨ ਪੈਰੋਲ ਮਨਜ਼ੂਰ ਕਰ ਲਈ ਗਈ ਹੈ। ਪੈਰੋਲ ਮਨਜ਼ੂਰ ਹੋਣ ਮਗਰੋਂ ਉਨ੍ਹਾਂ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਸਖ਼ਤ ਸੁਰੱਖਿਆ ਦਰਮਿਆਨ ਰਾਮ ਰਹੀਮ ਨੂੰ ਜੇਲ੍ਹ ’ਚੋਂ ਬਾਹਰ ਲਿਆਂਦਾ ਗਿਆ। ਦੱਸ ਦੇਈਏ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਸਨ। ਡੇਰਾ ਮੁਖੀ ਦੀ ਪੈਰੋਲ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਦੇ ਕਈ ਉਮੀਦਵਾਰ ਡੇਰੇ ਜਾ ਕੇ ਆਏ ਹਨ। ਰਾਮ ਰਹੀਮ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ਗਰਮਾ ਸਕਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਪੈਰੋਲ
ਦੱਸ ਦੇਈਏ ਕਿ ਰਾਮ ਰਹੀਮ ਨੂੰ ਪੰਜਾਬ ਚੋਣਾਂ ਤੋਂ 13 ਦਿਨ ਪਹਿਲਾਂ ਜੇਲ੍ਹ ਤੋਂ ਛੱਡਿਆ ਜਾ ਰਿਹਾ ਹੈ। ਪੰਜਾਬ ਦੇ 23 ਜ਼ਿਲ੍ਹਿਆਂ ’ਚ 300 ਵੱਡੇ ਡੇਰੇ ਹਨ, ਜਿਨ੍ਹਾਂ ਦਾ ਸਿੱਧਾ ਦਖ਼ਲ ਸੂਬੇ ਦੀ ਸਿਆਸਤ ਵਿਚ ਹੈ। ਇਹ ਡੇਰੇ ਪੰਜਾਬ ਦੇ ਮਾਝਾ, ਮਾਲਵਾ ਅਤੇ ਦੋਆਬਾ ’ਚ ਆਪਣਾ ਦਬਦਬਾ ਰੱਖਦੇ ਹਨ। ਪੰਜਾਬ ’ਚ ਡੇਰਾ ਸੱਚਾ ਸੌਦਾ ਦਾ ਸਭ ਤੋਂ ਵੱਡਾ ਡੇਰਾ ਸਲਾਬਤਪੁਰਾ ਬਠਿੰਡਾ ਜ਼ਿਲ੍ਹੇ ਵਿਚ ਹੈ ਅਤੇ ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਦੋ ਹੋਰ ਡੇਰੇ ਹਨ, ਜੋ ਮਾਲਵਾ ਖੇਤਰ ’ਚ ਆਪਣਾ ਦਬਦਬਾ ਰੱਖਦੇ ਹਨ।
ਇਹ ਵੀ ਪੜ੍ਹੋ : 21 ਦਿਨਾਂ ਦੀ ਪੈਰੋਲ ’ਤੇ ਜੇਲ੍ਹ ’ਚੋਂ ਬਾਹਰ ਆਏ ਰਾਮ ਰਹੀਮ
ਕੀ ਬੋਲੇ ਜੇਲ੍ਹ ਮੰਤਰੀ-
ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਦੋ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਪੈਰੋਲ ਲੈਣਾ ਹਰ ਕੈਦੀ ਦਾ ਅਧਿਕਾਰ ਹੈ। ਇਸ ਤੋਂ ਬਾਅਦ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਮਿਲ ਗਈ। ਪੈਰੋਲ ਦੌਰਾਨ ਇਕ ਵੱਡੀ ਸ਼ਰਤ ਇਹ ਰੱਖੀ ਗਈ ਹੈ ਕਿ ਉਹ 21 ਦਿਨ ਪੁਲਸ ਦੀ ਨਿਗਰਾਨੀ ਵਿਚ ਰਹਿਣਗੇ। ਉਸ ਦਾ ਜ਼ਿਆਦਾਤਰ ਸਮਾਂ ਡੇਰੇ ਵਿਚ ਹੀ ਬਤੀਤ ਹੋਵੇਗਾ ਅਤੇ ਉਹ ਹਰਿਆਣਾ ਤੋਂ ਬਾਹਰ ਕਿਤੇ ਨਹੀਂ ਜਾ ਸਕਣਗੇ।
ਦੂਜੀ ਵਾਰ ਜੇਲ੍ਹ ’ਚੋਂ ਬਾਹਰ ਆਏ ਰਾਮ ਰਹੀਮ-
ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ ਵਿਚ ਸਜਾ ਕੱਟ ਰਹੇ ਡੇਰਾ ਮੁਖੀ ਨੇ 17 ਮਈ 2021 ਨੂੰ ਮਾਂ ਦੀ ਬੀਮਾਰੀ ਦਾ ਹਵਾਲਾ ਦੇ ਕੇ 21 ਦਿਨ ਦੀ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ। ਇਸ ਬੇਨਤੀ ’ਤੇ ਉਸਨੂੰ 21 ਮਈ 2021 ਨੂੰ 12 ਘੰਟੇ ਦੀ ਪੈਰੋਲ ਮਿਲੀ ਸੀ। ਇਸ ਤਰ੍ਹਾਂ ਰਾਮ ਰਹੀਮ ਨੂੰ ਦੂਜੀ ਵਾਰ ਜੇਲ੍ਹ ’ਚੋਂ ਰਿਹਾਈ ਮਿਲੀ ਹੈ।
ਇਹ ਵੀ ਪੜ੍ਹੋ : ਚੰਗੀ ਖ਼ਬਰ: ਇਕ ਖ਼ੁਰਾਕ ਵਾਲੀ ‘ਸਪੂਤਨਿਕ ਲਾਈਟ’ ਕੋਵਿਡ ਵੈਕਸੀਨ ਨੂੰ ਭਾਰਤ ’ਚ ਮਿਲੀ ਮਨਜ਼ੂਰੀ
ਇਸ ਵਜ੍ਹਾ ਕਰ ਕੇ ਹੋਈ ਜੇਲ੍ਹ ਦੀ ਸਜ਼ਾ-
ਦੱਸ ਦੇਈਏ ਕਿ ਸਾਧਵੀਆ ਨਾਲ ਯੌਨ ਸ਼ੋਸ਼ਣ ਦੇ ਮਾਮਲੇ ’ਚ ਡੇਰਾ ਮੁਖੀ ਨੂੰ 20 ਸਾਲ ਦੀ ਕੈਦ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ਮਾਮਲੇ ’ਚ 20 ਸਾਲ ਕੈਦ ਦੀ ਸਜ਼ਾ ਮਿਲੀ ਹੈ। ਇਹ ਸਜ਼ਾ ਕੱਟਣ ਤੋਂ ਬਾਅਦ ਪਹਿਲੀ ਵਾਰ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ।