ਗੁਰਜੀਤ ਔਜਲਾ ਨੇ ਸੰਸਦ ''ਚ ਚੁੱਕਿਆ ਏਡਜ਼ ਤੇ ਨਸ਼ਿਆਂ ਦਾ ਮੁੱਦਾ
Wednesday, Dec 11, 2019 - 06:18 PM (IST)

ਨਵੀਂ ਦਿੱਲੀ— ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਅੱਜ ਭਾਵ ਬੁੱਧਵਾਰ ਨੂੰ ਏਡਜ਼ ਅਤੇ ਨਸ਼ਿਆਂ ਦਾ ਮੁੱਦਾ ਚੁੱਕਿਆ। ਔਜਲਾ ਨੇ ਸੰਸਦ 'ਚ ਕਿਹਾ ਕਿ ਮੇਰੇ ਹਲਕੇ ਅੰਮ੍ਰਿਤਸਰ 'ਚ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ਇਕ ਪਵਿੱਤਰ ਸ਼ਹਿਰ ਹੈ, ਜਿੱਥੇ ਲੋਕ ਕਸ਼ਟ ਦੂਰ ਕਰਨ ਲਈ ਆਉਂਦੇ ਹਨ ਪਰ ਜਦੋਂ ਅਜਿਹੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ, ਤਾਂ ਬਹੁਤ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਏਡਜ਼ ਦੇ ਮਰੀਜ਼ ਪੰਜਾਬ 'ਚ ਪਿਛਲੇ 5 ਸਾਲਾਂ 'ਚ 34 ਫੀਸਦੀ ਵਧੇ ਹਨ। ਇਸ ਵਾਧੇ ਦੇ ਨਾਲ ਕਰੀਬ ਸਾਢੇ 8 ਲੱਖ ਮਰੀਜ਼ ਪੂਰੇ ਹਿੰਦੋਸਤਾਨ ਵਿਚ ਹਨ, ਇਸ ਦਾ 12.29 ਫੀਸਦੀ ਹਿੱਸਾ ਪੰਜਾਬ 'ਚ ਵਧਿਆ ਹੈ। ਇਸ ਦੇ ਪਿੱਛੇ ਇਕ ਕਾਰਨ ਹੈ ਕਿ ਨੌਜਵਾਨ ਨਸ਼ੇ ਦੇ ਟੀਕੇ ਲਾਉਂਦੇ ਹਨ।
ਉਨ੍ਹਾਂ ਕਿਹਾ ਕਿ ਇਹ ਸਮੱਸਿਆ ਅੰਮ੍ਰਿਤਸਰ 'ਚ ਜ਼ਿਆਦਾ ਹੈ। ਭਾਵੇਂ ਹੀ ਪੰਜਾਬ ਸਰਕਾਰ ਨੇ ਨਸ਼ਾ ਛੁਡਾਉ ਕੇਂਦਰ ਖੋਲ੍ਹੇ ਹਨ ਪਰ 7 ਲੱਖ 'ਚੋਂ ਸਿਰਫ 2 ਲੱਖ ਲੋਕ ਹੀ ਇਨ੍ਹਾਂ ਕੇਂਦਰਾਂ ਤਕ ਪੁੱਜੇ ਹਨ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਸ ਵੱਲ ਖਾਸ ਧਿਆਨ ਦੇਵੇ ਅਤੇ ਠੋਸ ਕਦਮ ਚੁੱਕੇ, ਕਿਉਂਕਿ ਨਸ਼ੇ ਕਰਨ ਵਾਲਿਆਂ ਦੀ ਲੋੜ ਵਧ ਚੁੱਕੀ ਹੈ। ਇਹ ਬਹੁਤ ਵੱਡੀ ਸਮੱਸਿਆ ਹੈ। ਮੇਰੀ ਸਰਕਾਰ ਨੂੰ ਅਪੀਲ ਹੈ ਕਿ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਦਵਾਈਆਂ ਉਪਲੱਬਧ ਕਰਵਾਏ ਅਤੇ ਉਨ੍ਹਾਂ ਦੇ ਇਲਾਜ ਦਾ ਪ੍ਰਬੰਧ ਕਰੇ।