ਗੁਰਦੁਆਰਾ ਬੰਗਲਾ ਸਾਹਿਬ ਦੀ ਆਧੁਨਿਕ ਰਸੋਈ, ਹੁਣ ਇਕ ਘੰਟੇ ’ਚ ਬਣਦੈ 3 ਲੱਖ ਸੰਗਤ ਲਈ ਲੰਗਰ

Sunday, Nov 28, 2021 - 06:35 PM (IST)

ਗੁਰਦੁਆਰਾ ਬੰਗਲਾ ਸਾਹਿਬ ਦੀ ਆਧੁਨਿਕ ਰਸੋਈ, ਹੁਣ ਇਕ ਘੰਟੇ ’ਚ ਬਣਦੈ 3 ਲੱਖ ਸੰਗਤ ਲਈ ਲੰਗਰ

ਨਵੀਂ ਦਿੱਲੀ (ਵਾਰਤਾ)— ਆਪਣੀ ਨਿਸ਼ਕਾਮ ਸੇਵਾ ਲਈ ਦੁਨੀਆ ਭਰ ਵਿਚ ਪ੍ਰਸਿੱਧ ਦਿੱਲੀ ਦਾ ਗੁਰਦੁਆਰਾ ਬੰਗਲਾ ਸਾਹਿਬ ਇਨ੍ਹੀਂ ਦਿਨੀਂ ਆਪਣੇ ਲੰਗਰ ਬਣਾਉਣ ਦੇ ਤਰੀਕੇ ਨੂੰ ਲੈ ਕੇ ਪ੍ਰਸ਼ੰਸਾ ਬਟੋਰ ਰਿਹਾ ਹੈ। ਗੁਰਦੁਆਰਾ ਸਾਹਿਬ ਨੂੰ ਮਿਲ ਰਹੀ ਇਸ ਪ੍ਰਸ਼ੰਸਾ ਦੀ ਵਜ੍ਹਾ ਉਸ ਦੀ ਆਧੁਨਿਕ ਰਸੋਈ ਹੈ, ਜਿੱਥੇ 2 ਤੋਂ 3 ਲੱਖ ਸੰਗਤ ਲਈ ਲੰਗਰ ਇਕ ਘੰਟੇ ਵਿਚ ਤਿਆਰ ਹੁੰਦਾ ਹੈ, ਜਦਕਿ ਪਹਿਲਾਂ ਇਸ ਵਿਚ 3 ਤੋਂ 4 ਘੰਟੇ ਲੱਗਦੇ ਸਨ। ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਪ੍ਰਬੰਧਕ ਹਰਪੇਜ ਸਿੰਘ ਗਿੱਲ ਨੇ ਦੱਸਿਆ ਕਿ ਬੰਗਲਾ ਸਾਹਿਬ ਦੀ ਰਸੋਈ ’ਚ ਲੰਗਰ ਬਣਾਉਣ ਲਈ ਆਧੁਨਿਕ ਮਸ਼ੀਨਾਂ ਲਾਈਆਂ ਗਈਆਂ ਹਨ, ਜੋ ਵਿਦੇਸ਼ਾਂ ਤੋਂ ਲਿਆਂਦੀਆਂ ਗਈਆਂ ਹਨ। ਦਾਲ ਅਤੇ ਸਬਜ਼ੀ ਬਣਾਉਣ ਲਈ ਤਿੰਨ ਫਰਾਇਰ ਅਤੇ 5 ਆਧੁਨਿਕ ਕੁੱਕਰ ਇੱਥੇ ਲਿਆਂਦੇ ਗਏ ਹਨ। ਰੋਟੀਆਂ ਪਕਾਉਣ ਵਾਲੀ ਵੀ ਮਸ਼ੀਨ ਲਾਈ ਗਈ ਹੈ।

PunjabKesari

45 ਮਿੰਟ ’ਚ 400 ਲੀਟਰ ਦਾਲ ਹੁੰਦੀ ਹੈ ਤਿਆਰ—
ਇਕ ਕੁੱਕਰ ਵਿਚ ਇਕ ਵਾਰ ’ਚ 60 ਕਿਲੋਗ੍ਰਾਮ ਕੱਚੀ ਦਾਲ ਪਕਾਈ ਜਾਂਦੀ ਹੈ ਅਤੇ 45 ਮਿੰਟ ’ਚ 400 ਲੀਟਰ ਦਾਲ ਤਿਆਰ ਹੋ ਜਾਂਦੀ ਹੈ। ਫਰਾਇਰ ’ਚ ਸੁੱਕੀ ਸਬਜ਼ੀ ਬਣਾਈ ਜਾਂਦੀ ਹੈ ਅਤੇ ਇਸ ’ਚ 1 ਘੰਟੇ ਵਿਚ 300 ਕਿਲੋਗ੍ਰਾਮ ਸਬਜ਼ੀ ਅਤੇ ਖੀਰ ਤਿਆਰ ਹੁੰਦੀ ਹੈ। ਹਰਪੇਜ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਕਾਲ ਵਿਚ ਗੁਰਦੁਆਰਾ ਸਾਹਿਬ ਵਿਚ ਸੇਵਾਦਾਰਾਂ ਦੀ ਘਾਟ ਹੋ ਗਈ ਸੀ। ਕੋਰੋਨਾ ਵਾਇਰਸ ਦੇ ਡਰ ਨਾਲ ਬਹੁਤ ਘੱਟ ਲੋਕ ਸੇਵਾ ਕਰਨ ਆਉਂਦੇ ਸਨ। ਅਜਿਹੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਨੇ ਰਸੋਈ ਨੂੰ ਆਧੁਨਿਕ ਬਣਾਉਣ ’ਤੇ ਵਿਚਾਰ ਕੀਤਾ ਅਤੇ 31 ਦਸੰਬਰ 2020 ਨੂੰ ਆਧੁਨਿਕ ਰਸੋਈ ਬਣ ਕੇ ਤਿਆਰ ਹੋਈ।

PunjabKesari

ਹੁਣ ਜ਼ਿਆਦਾ ਸੇਵਾਦਾਰਾਂ ਦੀ ਨਹੀਂ ਪੈਂਦੀ ਲੋੜ—
ਹਰਪੇਜ ਨੇ ਦੱਸਿਆ ਕਿ ਰਸੋਈ ’ਚ ਲੱਗੀਆਂ ਆਧੁਨਿਕ ਮਸ਼ੀਨਾਂ ਨਾਲ ਨਾ ਸਿਰਫ਼ ਸਮੇਂ ਦੀ ਬੱਚਤ ਹੁੰਦੀ ਹੈ, ਸਗੋਂ ਜ਼ਿਆਦਾ ਸੇਵਾਦਾਰਾਂ ਦੀ ਵੀ ਲੋੜ ਨਹੀਂ ਪੈਂਦੀ ਹੈ। ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲੜਾ ਨੇ ਕਿਹਾ ਕਿ ਲੋਕ ਗੁਰੂ ਘਰ ਵਿਚ ਆਸਥਾ ਨਾਲ ਆਉਂਦੇ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਇੱਥੇ ਲੰਗਰ ਮਿਲੇਗਾ। ਕੋਰੋਨਾ ਕਾਲ ਦੌਰਾਨ ਜਦੋਂ ਲੋਕਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਸੀ ਤਾਂ ਸਾਨੂੰ ਲੱਗਾ ਕਿ ਘੱਟ ਸਮੇਂ ’ਚ ਵੱਧ ਲੰਗਰ ਬਣਾਉਣਾ ਚਾਹੀਦਾ ਹੈ, ਇਸ ਲਈ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਦੀ ਰਸੋਈ ਨੂੰ ਆਧੁਨਿਕ ਕਰਨ ਦਾ ਮਨ ਬਣਾਇਆ। ਲੱਗਭਗ 6 ਮਹੀਨਿਆਂ ਤੋਂ ਲੰਗਰ ਹਾਲ ਸਮੇਤ ਰਸੋਈ ਨੂੰ ਆਧੁਨਿਕ ਮਸ਼ੀਨਾਂ ਨਾਲ ਲੈੱਸ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿਤਾ ਤੋਂ ਵਪਾਰ ਲਈ ਮਿਲੇ 20 ਰੁਪਏ ਨਾਲ ਸਾਧੂ-ਸੰਤਾਂ ਨੂੰ ਭੋਜਨ ਕਰਾਇਆ ਸੀ। ਲੰਗਰ ਦੀ ਪ੍ਰਥਾ ਉਦੋਂ ਤੋਂ ਚੱਲਦੀ ਆ ਰਹੀ ਹੈ। ਇਸ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਲੰਗਰ ਦੀ ਵਿਵਸਥਾ ਨੂੰ ਅੱਜ ਦੇ ਸਮੇਂ ਦੇ ਹਿਸਾਬ ਨਾਲ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਹੈ। 

PunjabKesari

ਮਸ਼ੀਨ ਨਾਲ ਤਿਆਰ ਹੁੰਦੀਆਂ ਹਨ ਰੋਟੀਆਂ—
ਗੁਰਦੁਆਰਾ ਸਾਹਿਬ ’ਚ ਰੋਟੀ ਬਣਾਉਣ ਲਈ ਵੀ ਇਕ ਮਸ਼ੀਨ ਲੱਗੀ ਹੋਈ ਹੈ। ਇਸ ’ਚ ਇਕ ਘੰਟੇ ਵਿਚ 4 ਹਜ਼ਾਰ ਰੋਟੀਆਂ ਬਣਦੀਆਂ ਹਨ। ਇਹ ਪੂਰੀ ਤਰ੍ਹਾਂ ਮਨੁੱਖ ਰਹਿਤ ਹੈ, ਇਸ ’ਚ ਸਿਰਫ਼ ਗੁੰਨਿਆ ਹੋਇਆ ਆਟਾ ਪਾਇਆ ਜਾਂਦਾ ਹੈ। ਮਸ਼ੀਨ ’ਚ ਪੇੜੇ ਹੁੰਦੇ ਹਨ ਅਤੇ ਬਾਅਦ ’ਚ ਇਸ ਨੂੰ ਰੋਟੀ ਦਾ ਆਕਾਰ ਮਿਲਦਾ ਹੈ। ਫਿਰ ਦੋ ਪੱਧਰ ’ਤੇ ਸੇਕ ਲੱਗਣ ਮਗਰੋਂ ਰੋਟੀ ਬਣ ਕੇ ਨਿਕਲਦੀ ਹੈ। ਹਰਪੇਜ ਨੇ ਦੱਸਿਆ ਕਿ 50 ਕਿਲੋ ਆਟਾ ਸਿਰਫ਼ 10 ਮਿੰਟਾਂ ’ਚ ਗੁੰਨਿਆ ਜਾਂਦਾ ਹੈ। ਇਹ ਮਸ਼ੀਨ ਕਾਫ਼ੀ ਫਾਇਦੇਮੰਦ ਹੈ, ਕਿਉਂਕਿ ਪਹਿਲਾਂ ਇੰਨੀ ਮਾਤਰਾ ਵਿਚ ਆਟਾ ਗੁੰਨ੍ਹਣ ਲਈ 1 ਘੰਟੇ ਤੋਂ ਵੱਧ ਸਮਾਂ ਲੱਗਦਾ ਸੀ।

24 ਘੰਟੇ ਚੱਲਦਾ ਹੈ ਲੰਗਰ—
ਹਰਪੇਜ ਨੇ ਦੱਸਿਆ ਕਿ ਲੰਗਰ 24 ਘੰਟੇ ਚੱਲਦਾ ਹੈ। ਤਿੰਨ ਟੀਮਾਂ ਪੂਰਾ ਦਿਨ ਸੇਵਾ ਕਰਦੀਆਂ ਹਨ। ਪਹਿਲੀ ਟੀਮ ਸਵੇਰੇ 6 ਤੋਂ ਦੁਪਹਿਰ 2 ਵਜੇ ਤੱਕ, ਦੂਜੀ ਦੁਪਹਿਰ 2 ਤੋਂ ਰਾਤ 10 ਵਜੇ ਅਤੇ ਤੀਜੀ ਟੀਮ ਰਾਤ 10 ਤੋਂ ਸਵੇਰੇ 6 ਵਜੇ ਤੱਕ ਸੇਵਾ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਹਮੇਸ਼ਾ ਤਾਜ਼ਾ ਲੰਗਰ ਪੱਕਦਾ ਹੈ। ਲੰਗਰ ਹਾਲ ਵਿਚ ਇਕ ਸਮੇਂ ’ਚ 800 ਲੋਕ ਇਕੱਠੇ ਲੰਗਰ ਛੱਕ ਸਕਦੇ ਹਨ।


author

Tanu

Content Editor

Related News