ਬੈਂਕ ਕਰਮੀਆਂ ਦੀ ਸੁਰੱਖਿਆ, ਸਨਮਾਨ ਨੂੰ ਨੁਕਸਾਨ ਪਹੁੰਚਾਉਣ ਦੀ ਮਨਜ਼ੂਰੀ ਕਿਸੇ ਨੂੰ ਨਹੀਂ : ਸੀਤਾਰਮਨ
Wednesday, Jun 24, 2020 - 04:14 PM (IST)
ਨਵੀਂ ਦਿੱਲੀ- ਗੁਜਰਾਤ ਦੇ ਸੂਰਤ 'ਚ ਇਕ ਮਹਿਲਾ ਬੈਂਕ ਕਰਮੀ ਨਾਲ ਬੈਂਕ ਕੈਂਪਸ 'ਚ ਹੀ ਕੁੱਟਮਾਰ ਦੀ ਘਟਨਾ ਦਾ ਵੀਡੀਓ ਵਾਇਰਲ ਹੋਣ ਦੇ ਇਕ ਦਿਨ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਇਸ ਮਾਮਲੇ 'ਤੇ ਨਜ਼ਰ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਕਰਮੀਆਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।
ਸੀਤਾਰਮਨ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੇ ਇਸ ਬਾਰੇ ਸੂਰਤ ਸ਼ਹਿਰ ਦੇ ਪੁਲਸ ਸੁਪਰਡੈਂਟ ਆਰ.ਬੀ. ਬ੍ਰਹਮਭੱਟ ਨਾਲ ਗੱਲ ਕੀਤੀ ਹੈ। ਪੁਲਸ ਸੁਪਰਡੈਂਟ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀ ਕਾਂਸਟੇਬਲ ਨੂੰ ਤੁਰੰਤ ਮੁਅੱਤਲ ਕੀਤਾ ਜਾਵੇਗਾ। ਮਹਿਲਾ ਬੈਂਕ ਕਰਮੀ ਨਾਲ ਕੁੱਟਮਾਰ ਦਾ ਵੀਡੀਓ ਮੰਗਲਵਾਰ ਨੂੰ ਟਵਿੱਟਰ 'ਤੇ ਵਾਇਰਲ ਹੋਇਆ। ਸੀਤਾਰਮਨ ਨੇ ਕਿਹਾ,''ਸਾਡੀ ਇਸ ਮਾਮਲੇ 'ਤੇ ਨਜ਼ਦੀਕੀ ਨਜ਼ਰ ਹੈ। ਸਾਰੇ ਬੈਂਕ ਕਰਮੀਆਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਇਸ ਚੁਣੌਤੀਪੂਰਨ ਸਮੇਂ 'ਚ ਬੈਂਕ ਕਰਮਚਾਰੀ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਦੀ ਮਨਜ਼ੂਰੀ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਸੂਰਤ ਦੇ ਜ਼ਿਲ੍ਹਾ ਅਧਿਕਾਰੀ ਨਾਲ ਗੱਲ ਕੀਤੀ ਹੈ। ਹਾਲਾਂਕਿ ਇਸ ਸਮੇਂ ਉਹ ਇਸ ਸਮੇਂ ਛੁੱਟੀ 'ਤੇ ਹਨ ਪਰ ਉਨ੍ਹਾਂ ਨੇ ਮੰਗਲਵਾਰ ਰਾਤ ਦਾਇਰ ਸ਼ਿਕਾਇਤ 'ਤੇ ਕਾਰਵਾਈ ਦਾ ਭਰੋਸਾ ਦਿਵਾਇਆ ਹੈ।