ਗੁਜਰਾਤ ''ਚ ਹੋਏ ਦੰਗੇ ਨਹੀਂ ਸਨ ''ਮੁਸਲਿਮ ਵਿਰੋਧੀ''

Sunday, Mar 25, 2018 - 04:59 PM (IST)

ਨਵੀਂ ਦਿੱਲੀ— ਨੈਸ਼ਨਲ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨ.ਸੀ.ਈ.ਆਰ.ਟੀ.) ਦੀਆਂ ਕਿਤਾਬਾਂ 'ਚ ਹੁਣ 2002 'ਚ ਗੁਜਰਾਤ 'ਚ ਹੋਏ ਦੰਗੇ 'ਮੁਸਲਿਮ ਵਿਰੋਧੀ' ਨਹੀਂ ਰਹੇ। ਖਬਰਾਂ ਮੁਤਾਬਿਕ 12ਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਕਿਤਾਬ 'ਚ ਇਨ੍ਹਾਂ ਦੰਗਿਆਂ ਦਾ ਸੰਦਰਭ ਸ਼ਾਮਲ ਹੈ ਪਰ ਉਸ ਵਿਚ ਹੁਣ ਸੋਧ ਕਰ ਦਿੱਤੀ ਗਈ ਹੈ। 
ਰਾਜਨੀਤੀ ਵਿਗਿਆਨ ਦੀ ਕਿਤਾਬ 'ਚ ਇਕ ਅਧਿਆਏ ਹੈ ਭਾਰਤੀ ਸਿਆਸਤ ਦੀਆਂ ਤਾਜ਼ਾ ਘਟਨਾਵਾਂ ਦਾ। ਇਸ ਅਧਿਆਏ ਦੇ ਪੰਨਾ ਨੰ. 187 'ਚ 2002 ਦੇ ਗੁਜਰਾਤ ਦੰਗਿਆਂ ਦਾ ਸੰਦਰਭ ਵੀ ਹੈ। ਪਹਿਲਾਂ ਇਸ ਦਾ ਸਿਰਲੇਖ ਸੀ 'ਗੁਜਰਾਤ 'ਚ ਮੁਸਲਿਮ ਵਿਰੋਧੀ ਦੰਗੇ'। ਹੁਣ ਇਸ 'ਚ ਸੋਧ ਕਰ ਕੇ ਸਿਰਲੇਖ ਇਹ ਬਣਾਇਆ ਗਿਆ ਹੈ 'ਗੁਜਰਾਤ ਦੰਗੇ'। ਇਸ ਚੈਪਟਰ 'ਚ 1984 ਦੇ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ 'ਸਿੱਖ ਵਿਰੋਧੀ' ਦੰਗੇ ਦੱਸਿਆ ਗਿਆ ਹੈ। 
ਦੱਸਿਆ ਜਾਂਦਾ ਹੈ ਕਿ ਉਕਤ ਪੰਨੇ 'ਤੇ ਸਿਰਫ ਸਿਰਲੇਖ ਹੀ ਨਹੀਂ ਬਦਲਿਆ, ਹੇਠਾਂ ਸ਼ਬਦਾਵਲੀ ਵੀ ਤਬਦੀਲੀ ਕੀਤੀ ਗਈ ਹੈ। ਪਹਿਲਾਂ ਇਹ ਲਿਖਿਆ ਹੁੰਦਾ ਸੀ ''ਫਰਵਰੀ-ਮਾਰਚ 2002 'ਚ ਵੱਡੀ ਪੱਧਰ 'ਤੇ ਗੁਜਰਾਤ 'ਚ ਮੁਸਲਿਮ ਵਿਰੋਧੀ ਦੰਗੇ ਹੋਏ।'' ਹੁਣ ਸੋਧ ਕੇ ਲਿਖੀ ਗਈ ਸ਼ਬਦਾਵਲੀ 'ਚੋਂ 'ਮੁਸਲਿਮ ਵਿਰੋਧੀ' ਸ਼ਬਦ ਹਟਾ ਦਿੱਤਾ ਗਿਆ ਹੈ।

 


Related News