ਜਾਂਬਾਜ਼ ਪੁਲਸ ਵਾਲੇ ਦੀ ਦਲੇਰੀ, ਦੋ ਬੱਚੀਆਂ ਨੂੰ ਮੋਢਿਆਂ 'ਤੇ ਬੈਠਾ ਕੇ ਹੜ੍ਹ ਤੋਂ ਬਚਾਇਆ

08/11/2019 12:23:56 PM

ਅਹਿਮਦਾਬਾਦ— ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਬਾਰਿਸ਼ ਅਤੇ ਹੜ੍ਹ ਕਾਰਨ ਹਾਹਾਕਾਰ ਮਚੀ ਹੋਈ ਹੈ। ਗੁਜਰਾਤ 'ਚ ਵੀ ਹੜ੍ਹ ਕਾਰਨ ਹਾਲਾਤ ਬਹੁਤ ਖਰਾਬ ਹਨ। ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਉਣ ਲਈ ਰਾਹਤ ਅਤੇ ਬਚਾਅ ਟੀਮਾਂ ਜੁਟੀਆਂ ਹੋਈਆਂ ਹਨ। ਇਸ ਦਰਮਿਆਨ ਗੁਜਰਾਤ ਪੁਲਸ ਦੇ ਕਾਂਸਟੇਬਲ ਪ੍ਰਿਥਵੀਰਾਜ ਸਿੰਘ ਜਾਡੇਜਾ ਦੀ ਹੜ੍ਹ 'ਚ ਫਸੀਆਂ ਬੱਚੀਆਂ ਨੂੰ ਬਚਾਉਣ ਦੀ ਇਕ ਤਸਵੀਰ ਸਾਹਮਣੇ ਆਈ ਹੈ। ਕਾਂਸਟੇਬਲ ਦੋ ਬੱਚੀਆਂ ਨੂੰ ਆਪਣੇ ਮੋਢਿਆਂ 'ਤੇ ਬੈਠਾ ਕੇ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਲੈ ਜਾ ਰਹੇ ਹਨ। ਇਸ ਕਾਂਸਟੇਬਲ ਦੀ ਦਿਲੇਰੀ ਦਾ ਵੀਡੀਓ ਗੁਜਰਾਤ ਪੁਲਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਹੈ। ਇਸ ਵੀਡੀਓ ਵਿਚ ਲੱਕ ਤਕ ਪਾਣੀ ਵਿਚ ਡੁੱਬੇ ਕਾਂਸਟੇਬਲ ਪ੍ਰਿਥਵੀਰਾਜ ਦੋਹਾਂ ਬੱਚੀਆਂ ਨੂੰ ਮੋਢਿਆਂ 'ਤੇ ਚੁੱਕੀ ਅੱਗੇ ਵਧਦੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਇਹ ਵੀਡੀਓ ਵਾਇਰਲ ਹੋ ਰਹੀ ਹੈ। 

 

ਇਹ ਤਸਵੀਰ ਗੁਜਰਾਤ ਦੇ ਮੋਰਬੀ ਦੇ ਟੰਕਾਰਾ ਦੀ ਹੈ। ਦਰਅਸਲ ਇੱਥੇ ਪੜ੍ਹਾਈ ਲਈ ਸਵੇਰੇ-ਸਵੇਰੇ ਬੱਚੇ ਸਕੂਲ ਗਏ ਸਨ, ਤਾਂ ਬਾਰਿਸ਼ ਸ਼ੁਰੂ ਹੋ ਗਈ। ਲਗਾਤਾਰ 5 ਘੰਟੇ ਬਾਰਿਸ਼ ਪੈਂਦੀ ਰਹੀ। ਬਾਰਿਸ਼ ਤੋਂ ਬਾਅਦ ਚਾਰੋਂ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਇਸ ਵਜ੍ਹਾ ਕਰ ਕੇ ਸਕੂਲ ਆਏ ਬੱਚੇ ਇੱਥੋਂ ਨਿਕਲ ਨਹੀਂ ਸਕੇ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਤੁਰੰਤ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਦੀ ਮਦਦ ਮੰਗੀ। ਬੱਚਿਆਂ ਨੂੰ ਸਕੂਲ 'ਚੋਂ ਕੱਢਣ ਲਈ ਪੁਲਸ ਦੀ ਜੋ ਟੀਮ ਪੁੱਜੀ, ਉਸ ਵਿਚ ਕਾਂਸਟੇਬਲ ਪ੍ਰਿਥਵੀਰਾਜ ਸਿੰਘ ਜਾਡੇਜਾ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵਿਚ ਕੁੱਲ 43 ਬੱਚੇ ਫਸੇ ਹੋਏ ਸਨ। ਜ਼ਿਲਾ ਪ੍ਰਸ਼ਾਸਨ ਦੀ ਮਦਦ ਲਈ ਐੱਨ. ਡੀ. ਆਰ. ਐੱਫ. ਦੀ ਟੀਮ ਦੀ ਮਦਦ ਲਈ ਗਈ। ਓਧਰ ਗੁਜਰਾਤ ਪੁਲਸ ਅਤੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਾਂਸਟੇਬਲ ਪ੍ਰਿਥਵੀਰਾਜ ਸਿੰਘ ਜਾਡੇਜਾ ਦੇ ਕੰਮ ਦੀ ਤਰੀਫ਼ ਕੀਤੀ ਹੈ।

 


Tanu

Content Editor

Related News