ਗੁਜਰਾਤ ਸਰਕਾਰ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਪੰਜਾਬ ਤੋਂ ਇੰਨਾ ਸਸਤਾ ਮਿਲੇਗਾ ਪੈਟਰੋਲ

Tuesday, Oct 10, 2017 - 03:35 PM (IST)

ਗਾਂਧੀਨਗਰ— ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਪ੍ਰਤੀ ਲੀਟਰ 2 ਰੁਪਏ ਘੱਟ ਕੀਤੇ ਜਾਣ ਤੋਂ ਬਾਅਦ ਗੁਜਰਾਤ ਸਰਕਾਰ ਨੇ ਵੀ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਗੁਜਰਾਤ ਸਰਕਾਰ ਨੇ ਸਥਾਨਕ ਟੈਕਸ ਯਾਨੀ ਵੈਟ 'ਚ 4 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਸ ਤਹਿਤ ਪੈਟਰੋਲ 2 ਰੁਪਏ 93 ਪੈਸੇ ਅਤੇ ਡੀਜ਼ਲ 2 ਰੁਪਏ 72 ਪੈਸੇ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਰੋਜ਼ਾਨਾ ਕੀਮਤਾਂ 'ਚ ਬਦਲਾਅ ਤੋਂ ਬਾਅਦ ਗੁਜਰਾਤ ਉਹ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਵੈਟ 'ਚ ਕਟੌਤੀ ਕਰਕੇ ਲੋਕਾਂ ਦੀ ਜੇਬ 'ਤੇ ਬੋਝ ਘੱਟ ਕੀਤਾ ਹੈ। ਗੁਜਰਾਤ ਸਰਕਾਰ ਨੇ ਕਿਹਾ ਕਿ ਸੂਬੇ 'ਚ ਪੈਟਰੋਲ ਦੀ ਕੀਮਤ 2 ਰੁਪਏ 93 ਪੈਸੇ ਘੱਟ ਕੇ 66.53 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 2.72 ਰੁਪਏ ਘੱਟ ਹੋ ਕੇ 60.77 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਇਹ ਕੀਮਤ ਮੰਗਲਵਾਰ ਰਾਤ 12 ਵਜੇ ਤੋਂ ਲਾਗੂ ਹੋਵੇਗੀ। ਪੈਟਰੋਲ-ਡੀਜ਼ਲ ਦੇ ਟੈਕਸ 'ਚ ਕਟੌਤੀ ਕਰਨ ਨਾਲ ਸੂਬਾ ਸਰਕਾਰ ਨੂੰ 2,316 ਕਰੋੜ ਦਾ ਨੁਕਸਾਨ ਹੋਵੇਗਾ। ਉੱਥੇ ਹੀ ਪੰਜਾਬ 'ਚ ਪੈਟਰੋਲ ਦੀ ਕੀਮਤ 73 ਰੁਪਏ ਤੋਂ ਉਪਰ ਹੈ ਯਾਨੀ ਗੁਜਰਾਤ 'ਚ ਪੈਟਰੋਲ ਤਕਰੀਬਨ ਸਾਢੇ 6 ਰੁਪਏ ਸਸਤਾ ਮਿਲੇਗਾ।

ਜ਼ਿਕਰਯੋਗ ਹੈ ਕਿ ਰੋਜ਼ਾਨਾ ਕੀਮਤਾਂ ਵਧਣ ਨਾਲ ਲੋਕ ਕਾਫ਼ੀ ਬੋਝ ਮਹਿਸੂਸ ਕਰ ਰਹੇ ਸਨ, ਜਿਸ ਨੂੰ ਦੇਖਦੇ ਹੋਏ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਐਕਸਾਈਜ਼ ਡਿਊਟੀ 2 ਰੁਪਏ ਘਟਾਈ ਸੀ ਅਤੇ ਸੂਬਿਆਂ ਨੂੰ ਵੀ ਵੈਟ 'ਚ ਕਟੌਤੀ ਦੀ ਅਪੀਲ ਕੀਤੀ ਸੀ। ਗੁਜਰਾਤ ਸਰਕਾਰ ਵੱਲੋਂ ਵੈਟ 'ਚ ਕਟੌਤੀ ਕੀਤੇ ਜਾਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਸੂਬੇ ਵੀ ਜਲਦ ਹੀ ਆਪਣੇ ਵੈਟ 'ਚ ਕਟੌਤੀ ਦਾ ਐਲਾਨ ਕਰਨਗੇ। ਸੰਭਾਵਨਾ ਹੈ ਕਿ ਹੋਰ ਸੂਬੇ ਵੀ ਪੈਟਰੋਲ ਅਤੇ ਡੀਜ਼ਲ 'ਤੇ 3 ਤੋਂ 4 ਫੀਸਦੀ ਤਕ ਦੀ ਕਟੌਤੀ ਕਰ ਸਕਦੇ ਹਨ। ਜਾਣਕਾਰੀ ਮੁਤਾਬਕ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਵੀ ਪੈਟਰੋਲ-ਡੀਜ਼ਲ 'ਤੇ ਵੈਟ ਘਟਾਉਣ 'ਤੇ ਵਿਚਾਰ ਕਰ ਰਹੇ ਹਨ। ਅਜਿਹਾ ਹੋਣ ਨਾਲ ਮਹਾਰਾਸ਼ਟਰ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਮੁੱਲ 2 ਤੋਂ 3 ਰੁਪਏ ਪ੍ਰਤੀ ਲੀਟਰ ਤਕ ਘੱਟ ਸਕਦੇ ਹਨ। ਪੈਟਰੋਲੀਅਮ 'ਤੇ ਐਕਸਾਈਜ਼ ਡਿਊਟੀ ਘੱਟ ਕਰਦੇ ਹੋਏ ਕੇਂਦਰ ਨੇ ਸੂਬਿਆਂ ਨੂੰ ਅਪੀਲ ਕੀਤੀ ਸੀ ਕਿ ਹੁਣ ਇਨ੍ਹਾਂ 'ਤੇ ਵੈਟ ਘੱਟ ਕਰਨ ਦੀ ਵਾਰੀ ਉਨ੍ਹਾਂ ਦੀ ਹੈ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੈਟ 'ਚ ਘੱਟੋ-ਘੱਟ 5 ਫੀਸਦੀ ਦੀ ਕਟੌਤੀ ਕੀਤੇ ਜਾਣ ਦੀ ਅਪੀਲ ਕੀਤੀ ਸੀ।
ਹਾਲਾਂਕਿ ਕੇਂਦਰ ਦੀ ਅਪੀਲ 'ਤੇ ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਨੇ ਤਾਂ ਹਾਂ-ਪੱਖੀ ਪ੍ਰਤੀਕਿਰਿਆ ਦਿੱਤੀ ਸੀ ਪਰ ਕਈ ਸੂਬਿਆਂ ਨੇ ਇਹ ਕਹਿੰਦੇ ਹੋਏ ਇਸ ਨੂੰ ਨਾਕਾਰ ਦਿੱਤਾ ਕਿ ਉਨ੍ਹਾਂ ਦੇ ਇੱਥੇ ਵੈਟ ਪਹਿਲਾਂ ਹੀ ਬਹੁਤ ਘੱਟ ਹੈ। ਉੱਥੇ ਹੀ, ਕੇਰਲ ਅਤੇ ਓੜੀਸ਼ਾ ਵਰਗੇ ਗੈਰ-ਭਾਜਪਾ ਸੂਬਿਆਂ ਨੇ ਵੈਟ ਘੱਟ ਕਰਨ ਤੋਂ ਇਨਕਾਰ ਕਰਦੇ ਹੋਏ ਪੈਟਰੋਲ-ਡੀਜ਼ਲ ਦੇ ਵਧੇ ਰੇਟ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਦੱਸਿਆ ਹੈ। ਖਾਸ ਗੱਲ ਇਹ ਹੈ ਕਿ ਭਾਜਪਾ ਸ਼ਾਸਤ ਛਤੀਸਗੜ੍ਹ ਨੇ ਵੀ ਵੈਟ ਘਟਾਉਣ ਤੋਂ ਸਾਫ ਮਨ੍ਹਾ ਕਰ ਦਿੱਤਾ। ਉੱਥੇ ਹੀ, ਪੰਜਾਬ 'ਚ ਪੈਟਰੋਲ 'ਤੇ ਜ਼ਿਆਦਾ ਵੈਟ ਹੋਣ ਕਾਰਨ ਇਹ ਗੁਆਂਢੀ ਸੂਬਿਆਂ ਨਾਲੋਂ ਮਹਿੰਗਾ ਹੈ। ਹਰਿਆਣਾ ਅਤੇ ਹਿਮਾਚਲ ਨਾਲੋਂ ਪੰਜਾਬ 'ਚ ਪੈਟਰੋਲ ਲਗਭਗ 5 ਰੁਪਏ ਮਹਿੰਗਾ ਹੈ। ਇਸ ਦੇ ਨਾਲ ਹੀ ਗੁਜਰਾਤ 'ਚ ਪੈਟਰੋਲ ਹੁਣ ਪੰਜਾਬ ਨਾਲੋਂ ਤਕਰੀਬਨ ਸਾਢੇ 6 ਰੁਪਏ ਸਸਤਾ ਮਿਲੇਗਾ।


Related News