PM ਮੋਦੀ ਡਿਗਰੀ ਮੰਗਣ ''ਤੇ ਬੁਰੇ ਫਸੇ CM ਕੇਜਰੀਵਾਲ, ਜੱਜ ਨੇ ਜਾਰੀ ਕੀਤਾ ਸੰਮਨ

Tuesday, May 23, 2023 - 04:59 PM (IST)

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਕਾਦਮਿਕ ਡਿਗਰੀ ਨੂੰ ਲੈ ਕੇ ਗੁਜਰਾਤ ਯੂਨੀਵਰਸਿਟੀ ਵੱਲੋਂ ਦਾਇਰ ਅਪਰਾਧਿਕ ਮਾਣਹਾਨੀ ਦੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਮੰਗਲਵਾਰ ਨੂੰ ਤਾਜ਼ਾ ਸੰਮਨ ਜਾਰੀ ਕਰਦੇ ਹੋਏ ਉਨ੍ਹਾਂ ਨੂੰ 7 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਐੱਸ.ਜੇ. ਪੰਚਾਲ ਨੇ ਕੇਜਰੀਵਾਲ ਅਤੇ ਸਿੰਘ ਨੂੰ ਸੰਮਨ ਜਾਰੀ ਕੀਤੇ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਦੋਹਾਂ ਨੂੰ 23 ਮਈ ਨੂੰ ਪੇਸ਼ ਹੋਣ ਲਈ ਪਹਿਲਾਂ ਜਾਰੀ ਕੀਤਾ ਗਿਆ ਸੰਮਨ ਉਨ੍ਹਾਂ ਨੂੰ ਨਹੀਂ ਮਿਲਿਆ, ਕਿਉਂਕਿ ਉਨ੍ਹਾਂ 'ਚੋਂ ਕੋਈ ਵੀ ਅਦਾਲਤ 'ਚ ਮੌਜੂਦ ਨਹੀਂ ਹੈ। ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਜਯੇਸ਼ ਚੋਵਾਟੀਆ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਦੀ ਸਿੱਖਿਅਕ ਡਿਗਰੀ ਨੂੰ ਲੈ ਕੇ ਗੁਜਰਾਤ ਯੂਨੀਵਰਸਿਟੀ ਖ਼ਿਲਾਫ਼ ਉਨ੍ਹਾਂ ਦੇ 'ਵਿਅੰਗਾਤਮਕ' ਅਤੇ 'ਅਪਮਾਨਜਨਕ' ਬਿਆਨਾਂ ਲਈ ਇਕ ਅਪਰਾਧਕ ਮਾਣਹਾਨੀ ਸ਼ਿਕਾਇਤ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਸੰਮਨ ਜਾਰੀ ਕੀਤਾ ਸੀ।

'ਆਪ' ਦੀ ਗੁਜਰਾਤ ਇਕਾਈ ਦੇ ਕਾਨੂੰਨੀ ਸੈੱਲ ਦੇ ਮੁੱਖੀ ਪ੍ਰਣਵ ਠੱਕਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੇਜਰੀਵਾਲ ਅਤੇ ਸਿੰਘ ਨੂੰ ਅਦਾਲਤ ਵਲੋਂ ਜਾਰੀ ਸੰਮਨ ਅਜੇ ਤੱਕ ਨਹੀਂ ਮਿਲਿਆ ਹੈ। ਗੁਜਰਾਤ ਯੂਨੀਵਰਸਿਟੀ ਦੇ ਵਕੀਲ ਨੇ ਮੰਗਲਵਾਰ ਨੂੰ ਨਵੇਂ ਜੱਜ ਐੱਸ.ਜੇ. ਪਾਂਚਾਲ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ 23 ਮਈ ਨੂੰ ਅਦਾਲਤ 'ਚ ਪੇਸ਼ ਹੋਣ ਲਈ 15 ਅਪ੍ਰੈਲ ਨੂੰ ਨੋਟਿਸ ਜਾਰੀ ਕੀਤਾ ਸੀ, ਕਿਉਂਕਿ ਕੋਈ ਵੀ ਅਦਾਲਤ 'ਚ ਮੌਜੂਦ ਨਹੀਂ ਹੈ ਤਾਂ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਸੰਮਨ ਮਿਲਿਆ ਜਾਂ ਨਹੀਂ। ਇਸ 'ਤੇ ਜੱਜ ਨੇ ਸਟਾਫ਼ ਮੈਂਬਰ ਨੂੰ ਇਹ ਦੇਖਣ ਲਈ ਕਿਹਾ ਅਤੇ ਫਿਰ ਉਨ੍ਹਾਂ ਨੂੰ ਕੇਜਰੀਵਾਲ ਅਤੇ ਸਿੰਘ ਨੂੰ ਸੰਮਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ। ਗੁਜਰਾਤ ਯੂਨੀਵਰਸਿਟੀ ਦੇ ਰਜਿਸਟਰਾਰ ਪੀਯੂਸ਼ ਪਟੇਲ ਨੇ ਕੇਜਰੀਵਾਲ ਅਤੇ ਸੰਜੇ ਸਿੰਘ ਦੀ ਟਿੱਪਣੀ ਨੂੰ ਲੈ ਕੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।


DIsha

Content Editor

Related News