ਗੁਜਰਾਤ ’ਚ ਕਾਂਗਰਸ ਵਰਕਰਾਂ ਨੇ ਪਾਰਟੀ ਹੈੱਡਕੁਆਰਟਰ ’ਤੇ ਧਾਵਾ ਬੋਲਿਆ, ਸੋਲੰਕੀ ਦੇ ਪੋਸਟਰ ਸਾੜੇ
Tuesday, Nov 15, 2022 - 11:33 AM (IST)
ਅਹਿਮਦਾਬਾਦ– ਗੁਜਰਾਤ ਦੀ ਜਮਾਲਪੁਰ-ਖੜੀਆ ਸੀਟ ਤੋਂ ਮੌਜੂਦਾ ਵਿਧਾਇਕ ਇਮਰਾਨ ਖੇੜਾਵਾਲਾ ਨੂੰ ਟਿਕਟ ਦੇਣ ਦੇ ਕਾਂਗਰਸ ਲੀਡਰਸ਼ਿਪ ਦੇ ਫੈਸਲੇ ਤੋਂ ਨਾਰਾਜ਼ ਪਾਰਟੀ ਵਰਕਰਾਂ ਨੇ ਸੋਮਵਾਰ ਨੂੰ ਅਹਿਮਦਾਬਾਦ ਵਿਚ ਕਾਂਗਰਸ ਹੈੱਡਕੁਆਰਟਰ ’ਤੇ ਧਾਵਾ ਬੋਲ ਦਿੱਤਾ ਅਤੇ ਸੀਨੀਅਰ ਨੇਤਾ ਭਰਤ ਸਿੰਘ ਸੋਲੰਕੀ ਦੇ ਪੋਸਟਰ ਸਾੜ ਦਿੱਤੇ।
ਨਾਰਾਜ਼ ਵਰਕਰਾਂ ਨੇ ਕਾਂਗਰਸ ਦੀ ਗੁਜਰਾਤ ਇਕਾਈ ਦੇ ਸਾਬਕਾ ਮੁਖੀ ਸੋਲੰਕੀ ਦੀ ਨੇਮਪਲੇਟ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਸਪਰੇਅ ਪੇਂਟ ਨਾਲ ਇਮਾਰਤ ਦੀਆਂ ਕੰਧਾਂ ’ਤੇ ਉਨ੍ਹਾਂ ਖਿਲਾਫ ਅਪਮਾਨਜਨਕ ਸ਼ਬਦ ਲਿੱਖ ਦਿੱਤੇ। ਵਰਕਰਾਂ ਨੇ ਦੋਸ਼ ਲਾਇਆ ਕਿ ਸੋਲੰਕੀ ਨੇ ਟਿਕਟ ਦੇ ਬਦਲੇ ਖੇੜਾਵਾਲਾ ਤੋਂ ਪੈਸੇ ਲਏ ਅਤੇ ਇਸ ਮੁਸਲਿਮ ਬਹੁ-ਗਿਣਤੀ ਸੀਟ ਤੋਂ ਯੁਵਾ ਕਾਂਗਰਸ ਨੇਤਾ ਅਤੇ ਸਾਬਕਾ ਕੌਂਸਲਰ ਸ਼ਾਹਨਵਾਜ਼ ਸ਼ੇਖ ਦੀ ਦਾਅਵੇਦਾਰੀ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ।
ਖੇੜਾਵਾਲਾ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕਰਦੇ ਹੋਏ ਇਕ ਪਾਰਟੀ ਵਰਕਰ ਨੇ ਕਿਹਾ ਕਿ ਕਾਂਗਰਸ ਦੇ ਸਥਾਨਕ ਵਰਕਰ ਅਤੇ ਜਮਾਲਪੁਰ ਦੇ ਲੋਕ ਮੌਜੂਦਾ ਵਿਧਾਇਕ ਖੇੜਾਵਾਲਾ ਖਿਲਾਫ ਸਨ ਪਰ ਪਾਰਟੀ ਨੂੰ ਆਪਣੀ ਖਾਨਦਾਨੀ ਜਾਗੀਰ ਵਾਂਗ ਚਲਾ ਰਹੇ ਕੁਝ ਨੇਤਾਵਾਂ ਨੇ ਮਨਮਰਜ਼ੀ ਵਾਲਾ ਫੈਸਲਾ ਲੈਂਦੇ ਹੋਏ ਉਨ੍ਹਾਂ ਨੂੰ ਟਿਕਟ ਦੇ ਦਿੱਤੀ। ਓਧਰ ਕਾਂਗਰਸ ਬੁਲਾਰੇ ਪ੍ਰਿਥਵੀਰਾਜ ਕਾਠਵਾਡੀਆ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।