ਹੈਰਾਨੀਜਨਕ! ਗੁਜਰਾਤ ''ਚ 2 ਸਾਲਾਂ ਦੌਰਾਨ 15 ਹਜ਼ਾਰ ਨਵਜੰਮੇ ਬੱਚਿਆਂ ਦੀ ਹੋਈ ਮੌਤ
Wednesday, Mar 04, 2020 - 06:25 PM (IST)
ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਨੇ ਗੁਜਰਾਤ 'ਚ ਪਿਛਲੇ 2 ਸਾਲ ਦੌਰਾਨ 15 ਹਜ਼ਾਰ ਤੋਂ ਵੱਧ ਨਵਜੰਮੇ ਬੱਚਿਆਂ ਦੀ ਮੌਤ ਨਾਲ ਜੁੜੀ ਇਕ ਖਬਰ 'ਤੇ ਬੁੱਧਵਾਰ ਸੂਬੇ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿੰਨਿਆ ਅਤੇ ਕਿਹਾ ਕਿ ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਕੁਰਸੀ 'ਤੇ ਬੈਠੇ ਰਹਿਣ ਦਾ ਕੋਈ ਅਧਿਕਾਰ ਨਹੀਂ। ਪਾਰਟੀ ਦੇ ਇਕ ਬੁਲਾਰੇ ਸ਼ਕਤੀ ਸਿੰਘ ਨੇ ਬੁੱਧਵਾਰ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ 'ਚ ਦਿੱਤੇ ਗਏ ਅੰਕੜਿਆਂ ਮੁਤਾਬਕ ਪਿਛਲੇ 2 ਸਾਲ ਦੌਰਾਨ 15 ਹਜ਼ਾਰ ਤੋਂ ਵੱਧ ਨਵਜੰਮੇ ਬੱਚਿਆਂ ਦੀ ਮੌਤ ਹੋਈ ਹੈ।
ਇਸਦਾ ਇਕ ਭਾਵ ਇਹ ਵੀ ਨਿਕਲਦਾ ਹੈ ਕਿ ਔਸਤ ਰੋਜ਼ਾਨਾ 20 ਤੋਂ ਵੱਧ ਬੱਚਿਆਂ ਦੀ ਮੌਤ ਹੋਈ। ਉਨ੍ਹਾਂ ਕਿਹਾ ਕਿ ਹਸਪਤਾਲਾਂ 'ਚ 2 ਬੱਚਿਆਂ ਦਰਮਿਆਨ 3 ਮੀਟਰ ਦਾ ਫਾਂਸਲਾ ਹੋਣਾ ਚਾਹੀਦਾ ਹੈ ਪਰ ਬੱਚਿਆਂ ਨੂੰ ਨਾਲ-ਨਾਲ ਲਿਟਾਇਆ ਜਾਂਦਾ ਹੈ, ਜਿਸ ਕਾਰਨ ਇਨਫੈਕਸ਼ਨ ਫੈਲਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦੁੱਖ ਵਾਲੀ ਗੱਲ ਇਹ ਹੈ ਕਿ ਸਟੰਟ ਕਰਨ ਲਈ ਪ੍ਰਧਾਨ ਮੰਤਰੀ ਭਾਵੁਕ ਹੋ ਜਾਂਦੇ ਹਨ ਪਰ ਹੁਣ ਆਪਣੇ ਗ੍ਰਹਿ ਸੂਬੇ 'ਚ ਵਾਪਰੀ ਉਕਤ ਦੁਖਦਾਈ ਘਟਨਾ ਸਬੰਧੀ ਉਹ ਕੁਝ ਵੀ ਨਹੀਂ ਬੋਲ ਰਹੇ। ਮੋਦੀ ਨੂੰ ਸਟੇਟਸਮੈਨ ਹੋਣਾ ਚਾਹੀਦਾ ਹੈ, ਸਟੰਟਮੈਨ ਨਹੀਂ।
ਇਸ ਤੋਂ ਪਹਿਲਾਂ ਕਾਂਗਰਸ ਦੇ ਮੁਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਇਕ ਅੰਗਰੇਜ਼ੀ ਅਖਬਾਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਕਿ ਗੁਜਰਾਤ 'ਚ ਭਾਜਪਾ ਸਰਕਾਰ ਦੇ 2 ਸਾਲ ਦੇ ਰਾਜਕਾਲ ਦੌਰਾਨ 15013 ਨਵਜੰਮੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ ਸਭ ਤੋਂ ਵੱਧ 4322 ਮੌਤਾਂ ਅਹਿਮਾਦਬਾਦ 'ਚ ਹੋਈਆਂ ਹਨ। ਅਹਿਮਦਾਬਾਦ ਅਮਿਤ ਸ਼ਾਹ ਦਾ ਆਪਣਾ ਹਲਕਾ ਹੈ। ਸੂਰਜੇਵਾਲਾ ਨੇ ਸਵਾਲ ਕੀਤਾ ਕਿ ਕੀ ਬੱਚਿਆਂ ਦੀ ਚੀਕ ਸੁਣਵਾਈ ਦੇਵੇਗੀ? ਕੀ ਕੋਈ ਸਵਾਲ ਚੁੱਕੇਗਾ?