ਗੁਜਰਾਤ ਚੋਣਾਂ ''ਚ ਨੂੰਹ ਨੂੰ ਮਿਲਿਆ ਟਿਕਟ, ਸੱਸ ਨੇ ਦਿੱਤੀ ਧਮਕੀ
Saturday, Nov 25, 2017 - 05:02 PM (IST)
ਵਡੋਦਰਾ— ਸੱਸ-ਨੂੰਹ ਦੇ ਰਿਸ਼ਤਿਆਂ 'ਤੇ ਗੱਲਾਂ ਤਾਂ ਸੁਣੀਆਂ ਹੀ ਹੋਣਗੀਆਂ ਪਰ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ ਇਸ ਦਾ ਇਕ ਵੱਖ ਹੀ ਰੰਗ ਦੇਖਣ ਨੂੰ ਮਿਲਿਆ। ਇੱਥੇ ਪੰਚਮਹਿਲ ਤੋਂ ਭਾਜਪਾ ਸੰਸਦ ਮੈਂਬਰ ਦੇ ਘਰ 'ਚ ਟਿਕਟ ਨੂੰ ਲੈ ਕੇ ਅਜਿਹੀ ਮਹਾਭਾਰਤ ਛਿੜੀ ਕਿ ਸੱਸ ਨੇ ਨੂੰਹ ਨੂੰ ਚੋਣ ਪ੍ਰਚਾਰ ਲਈ ਘਰੋਂ ਬਾਹਰ ਪੈਰ ਨਹੀਂ ਰੱਖਣ ਦੀ ਧਮਕੀ ਦੇ ਦਿੱਤੀ। ਪੰਚਮਹਿਲ ਦੇ ਭਾਜਪਾ ਸੰਸਦ ਮੈਂਬਰ ਪ੍ਰਭਾਤ ਸਿੰਘ ਚੌਹਾਨ ਦੀ ਨੂੰਹ ਸੁਮਨ ਚੌਹਾਨ ਨੂੰ ਕਲੋਲ ਸੀਟ ਤੋਂ ਪਾਰਟੀ ਦਾ ਟਿਕਟ ਮਿਲਣ ਨਾਲ ਸੱਸ ਰੰਗੇਸ਼ਵਰੀ ਚੌਹਾਨ ਨਾਰਾਜ਼ ਹੋ ਗਈ ਹੈ। ਸੱਸ ਨੇ ਟਿਕਟ ਲਈ ਦਾਅਵਾ ਕੀਤਾ ਸੀ ਪਰ ਪਾਰਟੀ ਨੇ ਨੂੰਹ ਨੂੰ ਸੱਸ 'ਤੇ ਤਵੱਜੋਂ ਦੇ ਦਿੱਤੀ। ਇਸ ਨਾਲ ਨਾਰਾਜ਼ ਸੱਸ ਨੇ ਆਪਣੀ ਨੂੰਹ ਨੂੰ ਧਮਕੀ ਦੇ ਦਿੱਤੀ ਕਿ ਪ੍ਰਚਾਰ ਲਈ ਘਰੋਂ ਬਾਹਰ ਨਿਕਲ ਕੇ ਦਿਖਾਏ।
ਸੰਸਦ ਮੈਂਬਰ ਪ੍ਰਭਾਤ ਸਿੰਘ ਆਪਣੀ ਪਤਨੀ ਰੰਗੇਸ਼ਵਰੀ ਲਈ ਟਿਕਟ ਮੰਗ ਰਹੇ ਸਨ ਅਤੇ ਇਸ ਲਈ ਉਨ੍ਹਾਂ ਨੇ ਰਾਜ ਦੇ ਵੱਡੇ ਅਹੁਦਾ ਅਧਿਕਾਰੀਆਂ ਨਾਲ ਸੰਪਰਕ ਵੀ ਕੀਤਾ ਸੀ ਪਰ ਸ਼ੁੱਕਰਵਾਰ ਨੂੰ ਪਾਰਟੀ ਨੇ 5ਵੀਂ ਸੂਚੀ ਜਾਰੀ ਕਰਦੇ ਹੋਏ ਉਨ੍ਹਾਂ ਦੀ ਨੂੰਹ ਨੂੰ ਟਿਕਟ ਦੇ ਦਿੱਤਾ। ਪ੍ਰਭਾਤ ਸਿੰਘ ਦੀ ਪਹਿਲੀ ਪਤਨੀ ਨਾਲ ਹੋਏ ਬੇਟੇ ਪ੍ਰਵੀਨ ਸਿੰਘ ਦੀ ਨੂੰਹ ਸੁਮਨ ਨੂੰ ਟਿਕਟ ਮਿਲਿਆ ਹੈ। ਰੰਗੇਸ਼ਵਰੀ ਦੇਵੀ ਨੇ ਕਿਹਾ,''ਮੈਂ ਪ੍ਰਭਾਤ ਸਿੰਘ ਦੀ ਪਤਨੀ ਹੋਣ ਦਾ ਦਾਅਵਾ ਨਹੀਂ ਕਰਦੀ ਹਾਂ। ਮੈਂ ਖੇਤਰ 'ਚ ਮਿਹਨਤ ਕੀਤੀ ਹੈ ਅਤੇ ਯੋਗ ਉਮੀਦਵਾਰ ਨੂੰ ਟਿਕਟ ਮਿਲਣ ਨਾਲ ਖੁਸ਼ ਵੀ ਹੁੰਦੀ। ਪ੍ਰਵੀਨ ਸਿੰਘ ਦਲ ਬੱਦਲੂ ਹਨ ਅਤੇ ਜੇਕਰ ਪ੍ਰਭਾਤ ਸਿੰਘ ਨੇ ਆਪਣੀ ਮਾਂ ਦਾ ਦੁੱਧ ਪੀਤਾ ਹੋਵੇ ਤਾਂ ਪ੍ਰਚਾਰ ਲਈ ਖੇਤਰ 'ਚ ਨਿਕਲ ਕੇ ਦਿਖਾਉਣ।''
