ਰਾਕੇਸ਼ ਟਿਕੈਤ ਨੂੰ ਸਤਾ ਰਿਹੈ ਜਾਨ ਦਾ ਡਰ, ਕਿਹਾ- ਸਰਕਾਰ ਮੈਨੂੰ ਮਾਰਨਾ ਚਾਹੁੰਦੀ ਹੈ
Saturday, Jun 04, 2022 - 01:39 PM (IST)
ਮੇਰਠ : ਭਾਰਤੀ ਕਿਸਾਨ ਯੂਨੀਅਨ (BKU) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਅਤੇ ਉੱਤਰ ਪ੍ਰਦੇਸ਼ ’ਚ ਸੱਤਾਧਾਰੀ ਭਾਜਪਾ ਪਾਰਟੀ ’ਤੇ ਦੋਸ਼ ਲਾਇਆ ਹੈ ਕਿ ਸਰਕਾਰ ਉਨ੍ਹਾਂ ਨੂੰ ਮਾਰਨਾ ਚਾਹੁੰਦੀ ਹੈ। ਕਰਨਾਟਕ ਅਤੇ ਦਿੱਲੀ ਵਿਚ ਉਨ੍ਹਾਂ ’ਤੇ ਹੋਏ ਹਮਲੇ ਇਸ ਗੱਲ ਦਾ ਸਬੂਤ ਹਨ। ਟਿਕੈਤ ਨੇ ਹਾਲ ਹੀ ’ਚ ਕਰਨਾਟਕ 'ਚ ਹੋਏ ਕਾਲੇ ਰੰਗ ਦੀ ਸਿਆਹੀ ਨਾਲ ਹਮਲੇ ਨੂੰ 'ਵਿਉਂਤਬੱਧ' ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਦਸੰਬਰ ’ਚ ਹੈਲੀਕਾਪਟਰ ਹਾਦਸੇ ’ਚ ਸ਼ਹੀਦ ਹੋਏ ਜਨਰਲ ਵਿਪਿਨ ਰਾਵਤ ਦੇ ਦਿੱਲੀ ਸਥਿਤ ਰਿਹਾਇਸ਼ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਗਏ ਸਨ ਤਾਂ ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਰਚੀ ਗਈ ਸੀ।
ਦਰਅਸਲ ਟਿਕੈਤ ਸ਼ੁੱਕਰਵਾਰ ਨੂੰ ਮੇਰਠ ਦੇ ਕਾਂਕੇਰ ਖੇੜਾ 'ਚ 'ਕਿਸਾਨ ਪੰਚਾਇਤ' 'ਚ ਕਿਸਾਨਾਂ ਅਤੇ ਯੂਨੀਅਨ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਦਾ ਸਾਜਿਸ਼ਕਰਤਾਵਾਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸੇ ਤਰ੍ਹਾਂ ਅੱਜ ਵੀ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਚੁੱਕਣ ਵਾਲੇ ਸਾਜਿਸ਼ਕਰਤਾਵਾਂ ਦੇ ਨਿਸ਼ਾਨੇ ’ਤੇ ਹਨ। ਸਰਕਾਰ ਕਿਸਾਨ ਯੂਨੀਅਨ ਨੂੰ ਭੰਗ ਕਰਨ ਲਈ ਭੰਨ-ਤੋੜ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਟਿਕੈਤ ਪਰਿਵਾਰ ਨੇ ਹਮੇਸ਼ਾ ਕਿਸਾਨਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਚੁੱਕਿਆ ਹੈ ਅਤੇ ਅੱਗੇ ਵੀ ਚੁੱਕਦਾ ਰਹੇਗਾ। ਮਹਿੰਦਰ ਸਿੰਘ ਟਿਕੈਤ ਮਗਰੋਂ ਨਰੇਸ਼ ਟਿਕੈਤ ਨੇ ਹੁਣ ਖ਼ੁਦ ਨੂੰ ਇਸ ਲਈ ਸਮਰਪਿਤ ਕਰ ਦਿੱਤਾ ਹੈ। ਟਿਕੈਤ ਪਰਿਵਾਰ ਦਬਾਅ ਦੇ ਅੱਗੇ ਕਦੇ ਵੀ ਝੁੱਕੇਗਾ ਨਹੀਂ।
ਰਾਕੇਸ਼ ਟਿਕੈਤ ਨੇ ਕਿਹਾ ਕਿ ਮੁੱਖ ਮੰਤਰੀ ਪੂਰੇ ਪ੍ਰਦੇਸ਼ ਦੀ ਜਨਤਾ ਦਾ ਮੁੱਖ ਮੰਤਰੀ ਹੁੰਦਾ ਹੈ ਨਾ ਕਿ ਸਿਰਫ ਆਪਣੀ ਪਾਰਟੀ ਦਾ। ਇਸ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਭੇਦਭਾਵ ਦੇ ਕਿਸਾਨਾਂ ਦਰਮਿਆਨ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕੱਢਣਾ ਚਾਹੀਦਾ ਹੈ। ਚੋਣਾਂ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸਿੰਚਾਈ ਲਈ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਕਿਸਾਨਾਂ ਨੂੰ ਟਿਊਬਵੈੱਲਾਂ 'ਤੇ ਮੀਟਰ ਲਗਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।