ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਚੀਨ ਸਰਹੱਦ ’ਤੇ ਸਥਾਪਿਤ ਹੋਵੇਗੀ ‘ਬਾਰਡਰ ਇੰਟੈਲੀਜੈਂਸ ਪੋਸਟ’
Tuesday, Oct 03, 2023 - 08:32 PM (IST)
ਮਾਗੋ, (ਭਾਸ਼ਾ)- ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤੱਕ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਇੰਡੋ-ਤਿੱਬਤੀਅਨ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੀਆਂ ਚੌਕੀਆਂ ’ਤੇ ਨਿਗਰਾਨੀ ਅਤੇ ਸੂਚਨਾ ਇਕੱਠੀ ਕਰਨ ਲਈ ਖੁਫੀਆ ਅਧਿਕਾਰੀਆਂ ਦੀ ਇਕ ਵਾਧੂ ਟੀਮ ਤਾਇਨਾਤ ਕੀਤੀ ਜਾਵੇਗੀ।
ਇਕ ਉੱਚ ਪੱਧਰੀ ਸੂਤਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਚੌਕੀਆਂ ਦੀ ਸਥਾਪਨਾ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨੂੰ ‘ਬਾਰਡਰ ਇੰਟੈਲੀਜੈਂਸ ਪੋਸਟ’ (ਬੀ. ਆਈ. ਪੀ.) ਵਜੋਂ ਜਾਣਿਆ ਜਾਵੇਗਾ। ਸਰਹੱਦ ’ਤੇ ਵਧਦੀਆਂ ਚੀਨੀ ਗਤੀਵਿਧੀਆਂ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੀ ਸਰਹੱਦੀ ਉਲੰਘਣਾ ਦੇ ਮੱਦੇਨਜ਼ਰ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤੀ ਫੌਜ ਅਤੇ ਪੀ. ਐੱਲ. ਏ. ਵਿਚਾਲੇ ਜੂਨ 2020 ਤੋਂ ਲੱਦਾਖ ’ਚ ਡੈੱਡਲਾਕ ਜਾਰੀ ਹੈ।
ਇਕ ਸੂਤਰ ਨੇ ਦੱਸਿਆ ਕਿ ਹਰੇਕ ਬੀ. ਆਈ. ਪੀ. ’ਤੇ ਖੁਫੀਆ ਬਿਊਰੋ ਦੇ 4-4 ਅਧਿਕਾਰੀ ਤਾਇਨਾਤ ਰਹਿਣਗੇ ਅਤੇ ਆਈ. ਟੀ. ਬੀ. ਪੀ. ਦੇ ਜਵਾਨ ਉਨ੍ਹਾਂ ਦੀ ਸੁਰੱਖਿਆ ਕਰਨਗੇ। ਸੂਤਰ ਨੇ ਦੱਸਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਬੀ. ਆਈ. ਪੀ. ’ਤੇ ਤਾਇਨਾਤ ਕੀਤਾ ਜਾਵੇਗਾ, ਉਹ ਸਰਹੱਦ ਪਾਰ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਗੇ ਅਤੇ ਉੱਚ ਅਧਿਕਾਰੀਆਂ ਅਤੇ ਸਰਕਾਰ ਨਾਲ ਅਪਡੇਟ ਜਾਣਕਾਰੀ ਸਾਂਝੀ ਕਰਨਗੇ।
ਸੂਤਰ ਨੇ ਯੋਜਨਾ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੰਦੇ ਹੋਏ ਕੇਂਦਰ ਸਰਕਾਰ ਵੱਲੋਂ ਇਸ ਦੇ ਲਈ ਮਨਜ਼ੂਰ ਰਾਸ਼ੀ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਭਾਰਤ-ਚੀਨ ਦੀ ਸਮੁੱਚੀ ਸਰਹੱਦ ’ਤੇ ਆਈ. ਟੀ. ਬੀ. ਪੀ. ਦੀਆਂ ਲਗਭਗ 180 ਸਰਹੱਦੀ ਚੌਕੀਆਂ ਹਨ ਅਤੇ 45 ਹੋਰ ਬਣਾਉਣ ਦੀ ਹਾਲ ਹੀ ’ਚ ਪ੍ਰਵਾਨਗੀ ਦਿੱਤੀ ਗਈ ਹੈ।