‘ਪੈਟਰੋਲ ਅਤੇ ਡੀਜ਼ਲ ਤੋਂ ਕਮਾਏ 26 ਲੱਖ ਕਰੋੜ ਰੁਪਏ ਦਾ ਹਿਸਾਬ ਦੇਵੇ ਸਰਕਾਰ’
Sunday, Mar 27, 2022 - 02:06 PM (IST)
ਨਵੀਂ ਦਿੱਲੀ- ਕਾਂਗਰਸ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਏ ਜਾਣ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਕਾਂਗਰਸ ਨੇ ਕਿਹਾ ਕਿ ਸਰਕਾਰ ਨੇ ਪਿਛਲੇ 6 ਦਿਨਾਂ ’ਚ 5ਵੀਂ ਵਾਰ ਤੇਲ ਦੀਆਂ ਕੀਮਤਾਂ ਵਧਾਈਆਂ ਅਤੇ ਉਹ ਲਗਾਤਾਰ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੀ ਹੈ। ਕਾਂਗਰਸ ਬੁਲਾਰੇ ਸੰਜੇ ਨਿਰੂਪਮ ਅਤੇ ਪਵਨ ਖੇੜਾ ਨੇ ਐਤਵਾਰ ਨੂੰ ਇੱਥੇ ਪਾਰਟੀ ਹੈੱਡਕੁਆਰਟਰ ’ਚ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਮੋਦੀ ਸਰਕਾਰ ਨੇ 157 ਦਿਨਾਂ ਤੱਕ ਤੇਲ ਦੀਆਂ ਕੀਮਤਾਂ ਇਸ ਲਈ ਨਹੀਂ ਵਧਾਈਆਂ ਕਿਉਂਕਿ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਸਨ ਅਤੇ ਉਦੋਂ ਇਸ ਦੇ ਨਕਾਰਾਤਮਕ ਨਤੀਜਾ ਮਿਲ ਸਕਦਾ ਸੀ ਪਰ ਹੁਣ ਉਹ ਲਗਾਤਾਰ ਤੇਲ ਦੀਆਂ ਕੀਮਤਾਂ ਵਧਾ ਰਹੀ ਹੈ।
ਉਨ੍ਹਾਂ ਕਿਹਾ ਕਿ ਤੇਲ ’ਤੇ ਟੈਕਸ ਤੋਂ ਸਰਕਾਰ ਨੇ 26 ਲੱਖ ਕਰੋੜ ਰੁਪਏ ਕਮਾਏ ਹਨ ਅਤੇ ਉਸ ਨੂੰ ਦੇਸ਼ ਦੀ ਜਨਤਾ ਨੂੰ ਇਸ ਕਮਾਈ ਦਾ ਹਿਸਾਬ ਦੇਣਾ ਚਾਹੀਦਾ ਹੈ। ਕਾਂਗਰਸ ਦੇ ਦੋਹਾਂ ਨੇਤਾਵਾਂ ਨੇ ਕਿਹਾ ਕਿ ਅੱਜ ਪੈਟਰੋਲ ਦੀ ਕੀਮਤ 50 ਪੈਸੇ ਵਧਾਈ ਗਈ ਹੈ ਅਤੇ ਮੋਦੀ ਭਗਤ ਇਸ ਗੱਲ ਤੋਂ ਖੁਸ਼ ਹਨ ਕਿ ਤੇਲ ਦੀਆਂ ਕੀਮਤਾਂ 80 ਪੈਸੇ ਦੀ ਬਜਾਏ 50 ਪੈਸੇ ਵਧਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਵਾਧੇ ਦਾ ਲਗਾਤਾਰ ਵਿਰੋਧ ਕਰਦੀ ਰਹੇਗੀ।