ਕਿਸਾਨਾਂ ਨੂੰ ਅਣ-ਮਨੁੱਖੀ ਢੰਗ ਨਾਲ ਕੁਚਲਣ ਦੇ ਰਾਹ ਤੁਰ ਪਈ ਸਰਕਾਰ : ਸਰਨਾ
Wednesday, Feb 21, 2024 - 08:05 PM (IST)
ਜਲੰਧਰ/ਨਵੀਂ ਦਿੱਲੀ, (ਰਾਜੂ ਅਰੋੜਾ)- ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਹਰਿਆਣਾ ਪੁਲਸ ਵੱਲੋਂ ਗੋਲੀ ਚਲਾਉਣ ਨਾਲ ਜੋ ਪੰਜਾਬ ਦੇ ਬਠਿੰਡਾ ਦੇ ਇਕ ਨੌਜਵਾਨ ਸ਼ੁੱਭਕਰਨ ਸਿੰਘ ਦੀ ਮੌਤ ਹੋ ਗਈ ਹੈ, ਇਹ ਬਹੁਤ ਹੀ ਮੰਦਭਾਗੀ ਤੇ ਦੁੱਖਦਾਈ ਗੱਲ ਹੈ। ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਉਕਤ ਨੌਜਵਾਨ ਦੇ ਸਿਰ ’ਚ ਗੋਲੀ ਮਾਰੀ ਗਈ। ਇਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਇਸ ਦੇਸ਼ ਦੇ ਲੋਕਾਂ ਖਾਸ ਕਰ ਕੇ ਕਿਸਾਨਾਂ ਲਈ ਹੁਣ ਲੋਕਤੰਤਰ ਖਤਮ ਹੋ ਗਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਕੀਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਹਰਿਆਣਾ ਪੁਲਸ ਨੇ ਕਿਸਾਨਾਂ ’ਤੇ ਹੰਝੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਤੇ ਹੁਣ ਸਿੱਧੀ ਗੋਲੀ ਚਲਾਉਣ ਤੋਂ ਸਾਬਤ ਹੋ ਜਾਂਦਾ ਹੈ ਕਿ ਕੇਂਦਰ ਤੇ ਹਰਿਆਣਾ ਦੀਆਂ ਸਰਕਾਰਾਂ ਅਣ-ਮਨੁੱਖੀ ਢੰਗ ਨਾਲ ਕਿਸਾਨਾਂ ਨੂੰ ਕੁਚਲਣ ਦੇ ਰਾਹ ਤੁਰ ਪਈਆਂ ਹਨ। ਸਾਡੀ ਕੌਮ ਨੂੰ ਇਹ ਗੋਲੀਆਂ ਵੀ ਡਰਾ ਨਹੀਂ ਸਕਦੀਆਂ, ਕਿਉਂਕਿ ਸਾਡਾ ਗੁਰੂ ਹਮੇਸ਼ਾ ਸਾਡੇ ਅੰਗ-ਸੰਗ ਹੈ। ਸਾਨੂੰ ਮੀਰ ਮਨੂੰ ਵੀ ਖਤਮ ਨਾ ਕਰ ਸਕਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਇਹ ਕਦੇ ਨਾ ਸੋਚਣ ਕਿ ਉਹ ਸਾਨੂੰ ਖਤਮ ਕਰ ਲੈਣਗੇ।